ਨਵੀਂ ਦਿੱਲੀ: ਭੁਪਾਲ ਲੋਕ ਸਭਾ ਸੀਟ ਇਸ ਵਾਰ ਚਰਚਾ ‘ਚ ਹੈ। ਇਸ ਸੀਟ ਦਾ ਸੁਰਖੀਆਂ ‘ਚ ਆਉਣ ਦਾ ਕਾਰਨ ਬੀਜੇਪੀ ਤੇ ਕਾਂਗਰਸ ਉਮੀਦਵਾਰ ਹਨ। ਬੀਜੇਪੀ ਨੇ ਇਸ ਸੀਟ ‘ਤੇ ਵਿਵਾਦਤ ਸਾਧਵੀ ਪ੍ਰੱਗਿਆ ਠਾਕੁਰ ਨੂੰ ਖੜ੍ਹਾ ਕੀਤਾ ਹੈ ਜਦਕਿ ਕਾਂਗਰਸ ਨੇ ਇਸ ਸੀਟ ‘ਤੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ। ਇਸ ਸੀਟ ‘ਤੇ ਹੁਣ ਚੋਣ ਜੰਗ ‘ਚ ਸਾਧੂ-ਸੰਤਾਂ ਦੀ ਵੀ ਧਮਾਕੇਦਾਰ ਐਂਟਰੀ ਹੋ ਗਈ ਹੈ।


ਬੀਜੇਪੀ ਦੀ ਪ੍ਰੱਗਿਆ ਠਾਕੁਰ ਨੂੰ ਜਵਾਬ ਦੇਣ ਲਈ ਦਿਗਵਜੇ ਸਿੰਘ ਦੇ ਹਮਾਇਤ ‘ਚ ਸਾਧੂ-ਸੰਤ ਡਟ ਗਏ ਹਨ। ਦਿਗਵਿਜੇ ਸਿੰਘ ਦੀ ਹਮਾਇਤ ‘ਚ ਪਿਛਲੀ ਬੀਜੇਪੀ ਸਰਕਾਰ ਵਿੱਚ ਮੰਤਰੀ ਦਾ ਦਰਜਾ ਪ੍ਰਾਪਤ ਕਰਨ ਵਾਲੇ ਕੰਪਿਊਟਰ ਬਾਬਾ ਵੀ ਸ਼ਾਮਲ ਹਨ। ਦਿਗਵਿਜੇ ਲਈ ਕੰਪਿਊਟਰ ਬਾਬਾ ਰੋਡ-ਸ਼ੋਅ ਵੀ ਕਰਨਗੇ। ਇਹ ਸਭ ਮਿਲਕੇ ਬੀਜੇਪੀ ਨੂੰ ਸਬਕ ਸਿਖਾਉਣਾ ਚਾਹੁੰਦੇ ਹਨ।


ਖ਼ਬਰਾਂ ਦੀ ਮੰਨੀਏ ਤਾਂ ਕੰਪਿਊਟਰ ਬਾਬਾ ਸੱਤ ਹਜ਼ਾਰ ਸਾਧੂਆਂ ਨਾਲ ਮਿਲ ਕੇ ਰੋਡ ਸ਼ੋਅ ਕਰਨਗੇ। ਇਸ ਤੋਂ ਇਲਾਵਾ 7, 8 ਤੇ 9 ਮਈ ਨੂੰ ਕੰਪਿਊਟਰ ਬਾਬਾ ਭੁਪਾਲ ‘ਚ ਦਿਗਵਿਜੇ ਦੀ ਜਿੱਤ ਲਈ ਤੱਪ ਵੀ ਕਰਨਗੇ। ਇਸ ਸੀਟ ‘ਤੇ ਬੀਜੇਪੀ, ਦਿਗਵਿਜੇ ਨੂੰ ਮੁਸਲਿਮ ਪ੍ਰੇਮੀ ਤੇ ਹਿੰਦੂ ਵਿਰੋਧੀ ਸਾਬਤ ਕਰਨ ‘ਚ ਲੱਗੀ ਹੈ। ਅਜਿਹੇ ‘ਚ ਸੰਤ ਸਮਾਜ ਦਾ ਦਿਗਵਿਜੇ ਦੇ ਸਮਰਥਨ ‘ਚ ਆਉਣਾ, ਇਸ ਮੁੱਦੇ ਨੂੰ ਕਾਫੀ ਦਿਲਚਸਪ ਬਣਾਉਂਦਾ ਹੈ।