ਚੰਡੀਗੜ੍ਹ: ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਕਾਂਗਰਸ ਤੇ ਬੀਜੇਪੀ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਚੱਲ ਰਹੀਆਂ ਹਨ। ਕਾਂਗਰਸ ਸਰਕਾਰ ਵਿੱਚ ਸਾਬਕਾ ਮੰਤਰੀ ਰਹਿ ਚੁੱਕੇ ਪਵਨ ਕੁਮਾਰ ਬਾਂਸਲ ਚੰਡੀਗੜ੍ਹ ਦੇ ਵਾਸੀਆਂ ਤੋਂ ਸਥਾਨਕ ਮੁੱਦਿਆਂ ਨੂੰ ਅੱਗੇ ਰੱਖ ਕੇ ਵੋਟ ਮੰਗ ਰਹੇ ਹਨ ਜਦਕਿ ਭਾਜਪਾ ਦੀ ਉਮੀਦਵਾਰ ਕਿਰਨ ਖੇਰ ਵੱਲੋਂ ਹਰ ਚੋਣ ਪ੍ਰਚਾਰ ਵਿੱਚ ਮੋਦੀ ਦੀਆਂ ਗੱਲਾਂ ਨੂੰ ਦੁਹਰਾਇਆ ਜਾ ਰਿਹਾ ਹੈ।


ਦੋਵੇਂ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਗਿਣੇ-ਚੁਣੇ ਮੁੱਦਿਆਂ 'ਤੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਦੋਵੇਂ ਲੀਡਰ ਵੱਖ-ਵੱਖ ਮੁੱਦਿਆਂ 'ਤੇ ਚੰਡੀਗੜ੍ਹ ਦੇ ਲੋਕਾਂ ਤੋਂ ਵੋਟਾਂ ਮੰਗ ਰਹੇ ਹਨ। ਬਾਂਸਲ ਚੰਡੀਗੜ੍ਹ ਦੀ ਪਾਰਕਿੰਗ, ਨਵਾਂ ਟਰਾਂਸਪੋਰਟ ਪੁਆਇੰਟ ਤੇ ਚੰਡੀਗੜ੍ਹ ਨੂੰ ਮੈਟਰੋ ਦੇਣ ਦੇ ਵਾਅਦੇ 'ਤੇ ਵੋਟ ਮੰਗ ਰਹੇ ਹੈ।

ਦੂਸਰੇ ਪਾਸੇ ਕਿਰਨ ਖੇਰ ਵੱਲੋਂ ਬਾਲਾਕੋਟ ਏਅਰ ਸਟਰਾਈਕ, ਸਰਜੀਕਲ ਸਟ੍ਰਾਈਕ, ਨੋਟਬੰਦੀ ਤੇ ਜੀਐਸਟੀ ਨੂੰ ਮੁੱਖ ਮੁੱਦਾ ਰੱਖ ਕੇ ਵੋਟ ਮੰਗੀ ਜਾ ਰਹੀ ਹੈ। ਇਸ ਬਾਰੇ ਕਿਰਨ ਖੇਰ ਦਾ ਕਹਿਣਾ ਹੈ ਕਿ ਉਨ੍ਹਾਂ ਪੰਜ ਸਾਲ ਚੰਡੀਗੜ੍ਹ ਦੇ ਲੋਕਾਂ ਲਈ ਕੰਮ ਕੀਤਾ ਹੈ ਜਿਸ ਦਾ ਅਸਰ ਦਿਖਾਈ ਦੇ ਰਿਹਾ ਹੈ। ਇਸ ਦੇ ਉਲਟ ਪਵਨ ਕੁਮਾਰ ਬਾਂਸਲ ਦਾ ਕਹਿਣਾ ਹੈ ਕਿ ਕਿਰਨ ਖੇਰ ਕੋਲ ਆਪਣੇ ਕੀਤੇ ਹੋਏ ਕੰਮ ਗਿਣਾਉਣ ਨੂੰ ਨਹੀਂ ਹਨ। ਇਸ ਕਰਕੇ ਉਹ ਨੈਸ਼ਨਲ ਮੁੱਦਿਆਂ 'ਤੇ ਵੋਟ ਮੰਗ ਰਹੇ ਹਨ।

ਦੱਸ ਦੇਈਏ 2014 'ਚ BJP ਦੀ ਕਿਰਨ ਖੇਰ ਜੇਤੂ ਰਹੇ। BJP ਨੇ ਫਿਰ ਕਿਰਨ ਖੇਰ 'ਤੇ ਭਰੋਸਾ ਜਤਾਇਆ ਹੈ। ਪਹਿਲੀ ਵਾਰ 1967 'ਚ ਚੰਡੀਗੜ੍ਹ 'ਚ ਹੋਈ ਲੋਕ ਸਭਾ ਚੋਣਾਂ ਹੋਈਆਂ ਸੀ। ਪਵਨ ਕੁਮਾਰ ਬਾਂਸਲ 4 ਵਾਰ ਚੰਡੀਗੜ੍ਹ ਤੋਂ ਚੋਣ ਜਿੱਤ ਚੁੱਕੇ ਸਨ। ਕਾਂਗਰਸ ਨੇ ਵੀ ਮੁੜ ਬਾਂਸਲ 'ਤੇ ਭਰੋਸਾ ਜਤਾਇਆ ਹੈ। ਉੱਧਰ AAP ਨੇ ਹਰਮੋਹਨ ਧਵਨ ਨੂੰ ਉਮੀਦਵਾਰ ਐਲਾਨਿਆ ਹੈ।