ਰੋਹਤਕ: ਗੁਰਮੀਤ ਰਾਮ ਰਹੀਮ ਨੂੰ ਸਜ਼ਾ ਹੋਣ ਤੋਂ ਬਾਅਦ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਇਨਸੋ ਦੇ ਕੌਮੀ ਪ੍ਰਧਾਨ ਦਿਗਵਿਜੇ ਚੌਟਾਲਾ ਨੇ ਡੇਰਾ ਸਿਰਸਾ ਬਾਰੇ ਵੱਡਾ ਖੁਲਾਸਾ ਕੀਤਾ ਹੈ।
ਇਨਸੋ ਪ੍ਰਧਾਨ ਦਿਗਵਿਜੇ ਨੇ ਰੋਹਤਕ ਵਿੱਚ ਰੈਲੀ 'ਚ ਕਿਹਾ, "ਮੈਂ ਕਈ ਸਾਲ ਡੇਰੇ 'ਚ ਕ੍ਰਿਕਟ ਖੇਡਿਆ ਹੈ। ਡੇਰੇ 'ਚ ਲੋਕਾਂ ਕੋਲ ਨਵੀਂ ਤਕਨੀਕ ਵਾਲੇ ਹਥਿਆਰ ਸਨ। ਡੇਰੇ 'ਚ ਅਜਿਹੇ ਹਥਿਆਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਡੇਰੇ 'ਚ ਰਹਿਣ ਵਾਲੇ ਖਿਡਾਰੀਆਂ ਨੇ ਤਾਂ ਮੈਨੂੰ ਦੱਸਿਆ ਸੀ ਕਿ ਜਿਹੜੇ ਹਥਿਆਰ ਇੱਥੇ ਹਨ, ਉਹ ਸਾਡੇ ਮੁਲਕ ਦੀ ਫੌਜ ਕੋਲ ਵੀ ਨਹੀਂ ਹਨ।"
ਉਨ੍ਹਾਂ ਕਿਹਾ ਕਿ ਹੁਣ ਜਾਂਚ 'ਚ ਅਜਿਹੇ ਹਥਿਆਰ ਨਾ ਮਿਲਣਾ ਵੱਡੇ ਸਵਾਲ ਖੜ੍ਹੇ ਕਰਦਾ ਹੈ। ਰਾਮ ਰਹੀਮ ਨੂੰ ਬਚਾਉਣ ਲਈ ਸਰਕਾਰ ਨੇ ਪਹਿਲਾਂ ਫੌਜ ਨੂੰ ਅੰਦਰ ਜਾਣ ਨਹੀਂ ਦਿੱਤਾ। ਇਸ ਦੌਰਾਨ ਪਿਛਲੇ ਦਰਵਾਜ਼ੇ ਤੋਂ ਸਾਰੇ ਹਥਿਆਰ ਬਾਹਰ ਕਢਵਾ ਦਿੱਤੇ ਗਏ।
ਚੌਟਾਲਾ ਨੇ ਕਿਹਾ ਕਿ ਰਾਮ ਰਹੀਮ ਦੇ ਕਾਲੇ ਕਾਰਨਾਮਿਆਂ ਨੂੰ ਸਾਹਮਣੇ ਲਿਆਉਣ ਦਾ ਕੰਮ ਉਨ੍ਹਾਂ ਨੇ ਵੀ ਕੀਤਾ ਹੈ। ਜਿਹੜੇ ਲੋਕ ਆਪਣੇ ਰਸਤੇ ਤੋਂ ਭਟਕ ਕੇ ਕੰਮ ਕਰਦੇ ਹੋਣ, ਉਹ ਸਮਾਜ ਲਈ ਖਤਰਾ ਬਣ ਜਾਂਦੇ ਹਨ। ਅਜਿਹੇ ਲੋਕਾਂ ਨੂੰ ਸਮਾਂ ਰਹਿੰਦੇ ਹੀ ਰੋਕਿਆ ਜਾਣਾ ਚਾਹੀਦਾ ਹੈ। ਬਾਬਿਆਂ ਦੀ ਰਾਜਨੀਤੀ 'ਚ ਸਮਾਜ ਨੂੰ ਕੋਈ ਲੋੜ ਨਹੀਂ।