ਨਵੀਂ ਦਿੱਲੀ: ਟਾਪਰਜ਼ ਘਪਲੇ ਤੋਂ ਬਾਅਦ ਬਿਹਾਰ ਦੀ ਸਿੱਖਿਆ ਪ੍ਰਣਾਲੀ ਫਿਰ ਚਰਚਾ 'ਚ ਹੈ। ਇਸ ਵਾਰ ਚਰਚਾ ਦਾ ਵਿਸ਼ਾ ਕਸ਼ਮੀਰ ਨੂੰ ਅਲੱਗ ਦੇਸ਼ ਬਣਾਉਣ ਨੂੰ ਲੈ ਕੇ ਹੈ। ਦਰਅਸਲ ਬਿਹਾਰ 'ਚ ਸੱਤਵੀਂ ਜਮਾਤ ਦੇ ਪ੍ਰਸ਼ਨ ਪੱਤਰ 'ਚ ਇੱਕ ਅਜਿਹਾ ਸਵਾਲ ਪੁੱਛਿਆ ਗਿਆ ਹੈ ਜਿਸ 'ਚ ਕਸ਼ਮੀਰ ਦਾ ਜ਼ਿਕਰ ਵੱਖਰੇ ਦੇਸ਼ ਦੇ ਤੌਰ 'ਤੇ ਹੈ। ਇਸ ਗੱਲ ਸਾਹਮਣੇ ਆਉਣ ਤੋਂ ਬਾਅਦ ਬਿਹਾਰ ਦੇ ਸਿੱਖਿਆ ਤੰਤਰ 'ਤੇ ਫਿਰ ਸਵਾਲ ਖੜ੍ਹੇ ਹੋਏ ਹਨ।
ਅੰਗਰੇਜ਼ੀ ਦੇ ਇਸ ਪ੍ਰਸ਼ਨ ਪੱਤਰ 'ਚ ਭਾਰਤ, ਨੇਪਾਲ, ਇੰਗਲੈਂਡ ਨਾਲ ਨਾਲ ਕਸ਼ਮੀਰ ਨੂੰ ਵੀ ਵੱਖਰਾ ਦੇਸ਼ ਬਣਾ ਦਿੱਤਾ ਗਿਆ ਹੈ। ਬਿਹਾਰ ਐਜੂਕੇਸ਼ਨ ਪ੍ਰੋਜੈਕਟਸ ਕੌਂਸਲ ਮੁਤਾਬਕ ਇਹ ਇੱਕ ਮਨੁੱਖੀ ਭੁੱਲ ਸੀ ਤੇ ਇਸ ਕਰਕੇ ਕਾਫੀ ਅਲੋਚਨਾ ਵੀ ਹੋਈ ਹੈ। ਇਸ ਘਟਨਾ ਤੋਂ ਬਾਅਦ ਸਬੰਧਤ ਅਧਿਆਪਕ 'ਤੇ ਕਾਰਵਾਈ ਵੀ ਹੋਈ ਹੈ। ਡਾਇਰੈਕਟਰ ਸੰਜੇ ਸਿੰਘ ਨੇ ਦਾਅਵਾ ਕੀਤਾ ਹੈ ਕਿ ਦੋਸ਼ੀ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਬਿਹਾਰ ਐਜੂਕੇਸ਼ਨ ਪ੍ਰੋਜੈਕਟਸ ਕੌਂਲਲ ਉਹ ਸੰਸਥਾ ਹੈ ਜਿਸ ਦੇ ਜ਼ਿੰਮਾ ਅੱਠਵੀਂ ਤੱਕ ਦੇ ਵਿਦਿਆਰਥੀਆਂ ਦੀ ਸਿੱਖਿਆ ਦਾ ਜ਼ਿੰਮਾ ਹੈ। 'ਨੋ ਡਿਟੈਂਸ਼ਨ ਪਾਲਿਸੀ' ਦੀ ਵਜ੍ਹਾ ਨਾਲ ਸਿੱਖਿਆ ਦੇ ਖੇਤਰ 'ਚ ਹੋ ਰਹੀ ਗਿਰਾਵਟ ਨੂੰ ਦੂਰ ਕਰਨ ਲਈ ਬੱਚਿਆਂ ਦੇ ਮੁਲਾਂਕਣ ਦੀ ਜ਼ਿੰਮੇਵਾਰੀ ਵੀ ਇਸ ਸੰਸਥਾ ਨੂੰ ਦਿੱਤੀ ਗਈ ਸੀ। ਇਸੇ ਨੂੰ ਲੈ ਕੇ ਪ੍ਰਸ਼ਨ ਬੈਂਕ ਤਿਆਰ ਕੀਤਾ ਗਿਆ ਸੀ ਤੇ ਇਸ ਪ੍ਰਸ਼ਨ ਬੈਂਕ 'ਚ 14000 ਸਵਾਲਾਂ ਨੂੰ ਸ਼ਾਮਿਲ ਕੀਤਾ ਗਿਆ ਸੀ। ਡਾਇਰੈਕਟਰ ਸੰਜੇ ਸਿੰਘ ਨੇ ਕਿਹਾ ਹੈ ਕਿ ਇਹ ਅਧਿਆਪਕ ਦੇ ਨਾਲ ਨਾਲ ਐਨਸੀਆਰਟੀ ਦੀ ਵੀ ਗਲਤੀ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਗਲਤੀ ਸੁਧਾਰ ਲਈ ਜਾਵੇਗੀ।