ਪਟਨਾ: ਜਦੋਂ ਜਨਤਾ 'ਤੇ ਕੋਈ ਮੁਸੀਬਤ ਆਉਂਦੀ ਹੈ, ਤਾਂ ਉਹ ਸਰਕਾਰ 'ਤੇ ਉਮੀਦ ਰੱਖਦੇ ਹਨ। ਲੋਕ ਇਸ ਉਮੀਦ ਵਿੱਚ ਰਹਿੰਦੇ ਹਨ ਕਿ ਉਨ੍ਹਾਂ ਨੇ ਆਪਣੀ ਕੀਮਤੀ ਵੋਟ ਦੇ ਕੇ ਜੋ ਸਰਕਾਰ ਦੀ ਚੋਣ ਕੀਤੀ ਹੈ, ਹਰ ਮੁਸ਼ਕਲ ਵਿੱਚ ਉਨ੍ਹਾਂ ਨਾਲ ਖੜ੍ਹੀ ਹੋਏਗੀ। ਪਰ ਜਦੋਂ ਉਹੀ ਸਰਕਾਰ ਮੁਸ਼ਕਲ ਸਮੇਂ ਹੱਥ 'ਤੇ ਹੱਥ ਧਰ ਕੇ ਬੈਠੀ ਰਹਿੰਦੀ ਹੈ ਤਾਂ ਉਮੀਦਾਂ ਟੁੱਟ ਜਾਂਦੀਆਂ ਹਨ। ਬਿਹਾਰ ਵਿੱਚ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਇਸੇ ਤਰ੍ਹਾਂ ਹੀ ਕੀਤਾ। ਉਨ੍ਹਾਂ ਦੀ ਸਥਿਤੀ ਇੱਕ 'ਰਿਫਿਊਜੀ' ਯਾਨੀ ਸ਼ਰਨਾਰਥੀ ਵਰਗੀ ਦਿਖਾਈ ਦਿੱਤੀ।
ਸੋਮਵਾਰ ਨੂੰ ਐਨਡੀਆਰਐਫ ਦੀ ਟੀਮ ਨੇ ਸੁਸ਼ੀਲ ਮੋਦੀ ਨੂੰ ਰਾਜੇਂਦਰ ਨਗਰ ਸਥਿਤ ਉਨ੍ਹਾਂ ਦੇ ਘਰ ਤੋਂ ਰੈਸਕਿਊ ਕੀਤਾ। ਪਾਣੀ ਭਰਨ ਕਰਕੇ ਉਹ ਆਪਣੇ ਘਰ ਵਿੱਚ ਹੀ ਫਸ ਗਏ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਸ ਤਸਵੀਰ ਵਿੱਚ ਸੁਸ਼ੀਲ ਮੋਦੀ ਹੱਥ 'ਤੇ ਹੱਥ ਧਰ ਕੇ ਖੜ੍ਹੇ ਹਨ। ਉਨ੍ਹਾਂ ਦਾ ਚਿਹਰਾ ਉਤਰਿਆ ਹੋਇਆ ਹੈ। ਉਹ ਹਾਫ ਪੈਂਟ ਵਿੱਚ ਕੁਝ ਸਾਮਾਨ ਲੈ ਕੇ ਖੜ੍ਹੇ ਸੜਕ ਦੇ ਕਿਨਾਰੇ ਹਨ। ਇੱਕ ਸਮੇਂ ਲਈ ਅਜਿਹਾ ਲੱਗਦਾ ਹੈ ਜਿਵੇਂ ਉਹ ਕੋਈ ਸ਼ਰਨਾਰਥੀ ਹਨ।
ਬਿਹਾਰ ਵਿੱਚ ਭਾਰੀ ਬਾਰਸ਼ ਦੇ ਬਾਅਦ ਸੂਬੇ ਦੇ 16 ਜ਼ਿਲ੍ਹੇ ਹੜ੍ਹ ਦੀ ਚਪੇਟ ਵਿੱਚ ਹਨ। ਇਨ੍ਹਾਂ ਵਿੱਚੋਂ ਰਾਜਧਾਨੀ ਪਟਨਾ ਦੀ ਹਾਲਤ ਬੇਹੱਦ ਖਰਾਬ ਹੈ। ਸੁਸ਼ੀਲ ਮੋਦੀ ਸਭ ਦੇ ਨਿਸ਼ਾਨੇ 'ਤੇ ਹਨ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਬਿਹਾਰ ਵਿੱਚ ਕਰੀਬ 15 ਸਾਲਾਂ ਤੋਂ ਜੇਡੀਯੂ-ਬੀਜੇਪੀ ਗਠਜੋੜ ਦੀ ਸਰਕਾਰ ਰਹੀ ਹੈ। ਹਮੇਸ਼ਾ ਦਾਅਵਾ ਕੀਤਾ ਜਾਂਦਾ ਰਿਹਾ ਹੈ ਕਿ ਬਿਹਾਰ ਵਿੱਚ ਸ਼ੁਸਾਸਨ ਹਰ ਪਾਸੇ ਵਿਕਾਸ ਹੋ ਰਿਹਾ ਹੈ। ਪਰ ਸੋਸ਼ਲ ਮੀਡੀਆ 'ਤੇ ਨਿੱਕਰ ਵਿੱਚ ਮੂੰਹ ਲਟਕਾ ਕੇ ਖੜੇ ਸੁਸ਼ੀਲ ਮੋਦੀ ਦੀ ਵਾਇਰਲ ਤਸਵੀਰ ਨੇ ਤਮਾਮ ਦਾਅਵਿਆਂ ਦੀ ਫੂਕ ਕੱਢ ਦਿੱਤੀ। ਕੁਝ ਦਿਨਾਂ ਦੀ ਬਾਰਸ਼ ਬਾਅਦ ਪਟਨਾ ਪਾਣੀ-ਪਾਣੀ ਹੋ ਗਿਆ ਹੈ।