ਪਟਨਾ: ਲਗਪਗ 21 ਲੱਖ ਦੀ ਆਬਾਦੀ ਵਾਲਾ ਸ਼ਹਿਰ ਪਟਨਾ ਇਨ੍ਹੀਂ ਦਿਨੀਂ ਪਾਣੀ-ਪਾਣੀ ਹੋਇਆ ਪਿਆ ਹੈ। ਬਹੁਤੀਆਂ ਸੜਕਾਂ ਪੂਰੀ ਤਰ੍ਹਾਂ ਡੁੱਬ ਗਈਆਂ ਹਨ। ਹਸਪਤਾਲ ਵਾਰਡਾਂ ਵਿੱਚ ਪਾਣੀ ਭਰਿਆ ਹੋਇਆ ਹੈ ਤੇ ਮਰੀਜ਼ ਪਲੰਘਾਂ 'ਤੇ ਬੈਠੇ ਰਹਿੰਦੇ ਹਨ। 40 ਸਾਲਾਂ ਵਿੱਚ ਪਹਿਲੀ ਵਾਰ, ਪਟਨਾ ਵਿੱਚ ਬਾਰਸ਼ ਨਾਲ ਅਜਿਹੀ ਤਬਾਹੀ ਹੋਈ ਹੈ, ਪਰ ਸਵਾਲ ਇਹੀ ਹੈ ਕਿ ਪਟਨਾ ਡੁੱਬਿਆ ਕਿਉਂ? ਇਸ ਖਬਰ ਵਿੱਚ ਅਸੀਂ ਇਸ ਪ੍ਰਸ਼ਨ ਦਾ ਉੱਤਰ ਦੇਵਾਂਗੇ।
ਇਹ ਉਸ ਪਟਨਾ ਦੀ ਸਥਿਤੀ ਹੈ ਜੋ ਕਿਸੇ ਸਮੇਂ ਮਗਧ ਸਾਮਰਾਜ ਦਾ ਸਭ ਤੋਂ ਵੱਡਾ ਸੱਤਾ ਦਾ ਕੇਂਦਰ ਹੁੰਦਾ ਸੀ। ਇਹ ਉਹੀ ਪਟਨਾ ਹੈ, ਜਿਸ ਨੂੰ ਭਵਿੱਖ ਵਿੱਚ ਸਮਾਰਟ ਸਿਟੀ ਬਣਾਉਣ ਦੀ ਯੋਜਨਾ ਹੈ। ਪਟਨਾ ਨੂੰ ਸਮਾਰਟ ਸਿਟੀ ਬਣਾਉਣ ਲਈ 620 ਕਰੋੜ ਦਾ ਬਜਟ ਰੱਖਿਆ ਗਿਆ ਹੈ। ਜਿਸ ਸ਼ਹਿਰ ਦਾ ਇਤਿਹਾਸ ਇੰਨਾ ਮਾਣਮੱਤਾ ਹੈ, ਉਹ ਸ਼ਹਿਰ ਜਿਸ ਲਈ ਭਵਿੱਖ ਦੀਆਂ ਵੱਡੀਆਂ ਯੋਜਨਾਵਾਂ ਬਣਾਈਆਂ ਹਨ, ਉਹ ਸ਼ਹਿਰ ਨਾਲੇ ਦੇ ਗੰਦੇ ਪਾਣੀ ਵਿੱਚ ਡੁੱਬਿਆ ਹੋਇਆ ਹੈ ਕਿਉਂਕਿ ਇਸ ਦੀ ਨਿਕਾਸੀ ਪ੍ਰਣਾਲੀ ਦਾ ਕਦੇ ਕੋਈ ਕੰਮ ਨਹੀਂ ਕੀਤਾ ਗਿਆ।
2017 ਵਿੱਚ ਪਟਨਾ ਨਗਰ ਨਿਗਮ 'ਤੇ ਕੈਗ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਨਾਗਰਿਕ ਸਹੂਲਤਾਂ ਮੁਹੱਈਆ ਕਰਾਉਨ ਵਾਲੀ ਯੋਜਨਾ ਲਈ ਕੋਈ ਤਿਆਰੀ ਨਹੀਂ ਕੀਤੀ ਗਈ ਸੀ। ਸਹੂਲਤਾਂ ਲਈ ਪੈਸੇ ਦਿੱਤੇ ਗਏ ਪਰ ਇਸ ਦੀ ਵਰਤੋਂ ਨਹੀਂ ਕੀਤੀ ਗਈ। 31 ਕਰੋੜ ਰੁਪਏ ਦਾ ਕੋਈ ਹਿਸਾਬ ਨਹੀਂ ਕਿ ਇਹ ਕਿੱਥੇ ਖਰਚ ਹੋਏ।
ਸੱਤਾ ਸੰਭਾਲਣ ਵਾਲਿਆਂ ਡਰੇਨੇਜ ਸਿਸਟਮ 'ਤੇ ਕੋਈ ਕੰਮ ਨਹੀਂ ਕੀਤਾ, ਹੁਣ ਪਟਨਾ ਦੇ ਡੁੱਬਣ 'ਤੇ ਕਹਿ ਰਹੇ ਹਨ ਕਿ ਇਹ ਕੁਦਰਤ ਦਾ ਕਹਿਰ ਹੈ। ਸਵਾਲ ਇਹ ਵੀ ਹੈ ਕਿ ਪਟਨਾ ਦੀ ਭੂਗੋਲਿਕ ਸਥਿਤੀ ਨੂੰ ਜਾਣਨ ਤੋਂ ਬਾਅ ਵੀ ਸਥਿਤੀ ਨਾਲ ਨਜਿੱਠਣ ਲਈ ਪ੍ਰਬੰਧ ਕਿਉਂ ਨਹੀਂ ਕੀਤੇ ਗਏ।
ਪਟਨਾ ਸ਼ਹਿਰ ਸੋਨ ਤੇ ਗੰਗਾ ਨਦੀ ਨਾਲ ਘਿਰਿਆ ਹੋਇਆ ਹੈ। ਇਸ ਤੋਂ ਇਲਾਵਾ ਕੁਮਕੁਮ ਤੇ ਕੁਝ ਹੋਰ ਨਦੀਆਂ ਪਟਨਾ ਦੇ ਨਾਲ ਲੱਗਦੀਆਂ ਹਨ, ਜਦਕਿ ਪਟਨਾ ਸ਼ਹਿਰ ਕਟੋਰੇ ਦੇ ਆਕਾਰ ਵਰਗਾ ਹੈ ਤੇ ਇਹ ਨੀਵੇਂ ਖੇਤਰ ਵਿੱਚ ਹੈ। ਯਾਨੀ ਜ਼ਿਆਦਾ ਬਾਰਸ਼ ਕਾਰਨ ਪਟਨਾ ਸ਼ਹਿਰ ਦਾ ਪਾਣੀ ਬਾਹਰ ਨਹੀਂ ਆ ਸਕਦਾ ਤੇ ਦਰਿਆਵਾਂ ਦਾ ਪਾਣੀ ਵੀ ਸ਼ਹਿਰ ਵਿੱਚ ਦਾਖਲ ਹੋਣਾ ਸ਼ੁਰੂ ਹੋ ਜਾਂਦਾ ਹੈ।
ਰਾਜ ਸਰਕਾਰ ਨੇ ਪਟਨਾ ਨੂੰ ਲੋਅ ਲਾਈਂਗ ਕਹਿ ਕੇ ਟਾਲਾ ਵੱਟ ਲਿਆ, ਪਰ ਯੂਰਪ ਦੇ ਦੇਸ਼ ਨੀਦਰਲੈਂਡਜ਼ ਦੀ ਮਿਸਾਲ ਸਭ ਦੇ ਸਾਹਮਣੇ ਹੈ। ਨੀਦਰਲੈਂਡਜ਼ ਦਾ 50 ਫੀਸਦੀ ਹਿੱਸਾ ਸਮੁੰਦਰ ਦੇ ਹੇਠਲੇ ਇਲਾਕੇ ਵਿੱਚ ਹੈ ਭਾਵ ਨੀਵਾਂ ਹੈ ਪਰ ਨੀਦਰਲੈਂਡਜ਼ ਨੇ ਆਪਣਾ ਡਰੇਨੇਜ ਸਿਸਟਮ ਇੰਨਾ ਐਡਵਾਂਸ ਬਣਾਇਆ ਹੈ ਕਿ ਇਹ ਪੂਰੀ ਦੁਨੀਆ ਲਈ ਇੱਕ ਮਿਸਾਲ ਬਣ ਗਿਆ ਹੈ।
ਉੱਥੇ ਪਾਰਕਾਂ ਅਤੇ ਜਨਤਕ ਥਾਵਾਂ 'ਤੇ ਅਜਿਹੇ ਪ੍ਰਬੰਧ ਕੀਤੇ ਗਏ ਹਨ ਕਿ ਜੇ ਇੱਥੇ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਹੈ, ਤਾਂ ਪਾਣੀ ਸ਼ਹਿਰ ਤੋਂ ਬਾਹਰ ਕੱਢ ਕੇ ਇੱਕ ਥਾਂ ਇਕੱਠਾ ਕੀਤਾ ਜਾ ਸਕਦਾ ਹੈ। ਪਟਨਾ ਲਈ ਵੀ ਬਜਟ ਉਪਲੱਬਧ ਹੈ, ਪਰ ਨੀਦਰਲੈਂਡਜ਼ ਤੇ ਪਟਨਾ ਵਿੱਚ ਫਰਕ ਇਹ ਹੈ ਕਿ ਉੱਥੋਂ ਦਾ ਸਿਸਟਮ ਜਾਗਰੂਕ ਹੈ ਪਰ ਬਿਹਾਰ ਵਿੱਚ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਗਿਆ।