ਭਰਤਪੁਰ: ਸਲਮਾਨ ਖਾਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਵਾਲਾ ਅਪਰਾਧੀ ਭਰਤਪੁਰ ਦੀ ਸੇਵਰ ਜੇਲ੍ਹ ਵਿੱਚ ਬੰਦ ਹੈ। ਸਵਾਲ ਇਹ ਹੈ ਕਿ ਜੇ ਲਾਰੈਂਸ ਬਿਸ਼ਨੋਈ ਨਾਂ ਦਾ ਇਹ ਅਪਰਾਧੀ ਜੇਲ੍ਹ ਵਿੱਚ ਹੈ, ਤਾਂ ਫਿਰ ਫੇਸਬੁੱਕ ਉੱਤੇ ਇਸ ਦਾ ਅਕਾਊਂਟ ਕੌਣ ਅਪਡੇਟ ਕਰ ਰਿਹਾ ਹੈ? ਜਾਂ ਕੀ ਇਹ ਅਪਰਾਧੀ ਜੇਲ੍ਹ ਤੋਂ ਹੀ ਫੇਸਬੁੱਕ ਚਲਾ ਰਿਹਾ ਹੈ?


ਲਾਰੈਂਸ ਬਿਸ਼ਨੋਈ ਭਰਤਪੁਰ ਦੀ ਸੇਵਰ ਜੇਲ੍ਹ ਵਿੱਚ ਬੰਦ ਹੈ। ਇਸ ਅਪਰਾਧੀ ਨੇ ਹਾਲ ਹੀ ਵਿੱਚ ਅਦਾਕਾਰ ਸਲਮਾਨ ਖਾਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਸ਼ਾਤਿਰ ਅਪਰਾਧੀ ਲਾਰੈਂਸ ਦੇ ਫੇਸਬੁੱਕ ਅਕਾਊਂਟ 'ਤੇ ਪੋਸਟਾਂ ਪੋਸਟ ਕੀਤੀਆਂ ਜਾ ਰਹੀਆਂ ਹਨ। ਹਾਲ ਹੀ ਵਿੱਚ, ਇੱਕ ਪੋਸਟ ਦੇ ਜ਼ਰੀਏ, ਉਸ ਨੇ ਚੰਡੀਗੜ੍ਹ ਵਿੱਚ ਕੇਬਲ ਆਪਰੇਟਰ ਸੰਨੂ ਸ਼ਾਹ ਦੇ ਕਤਲ ਕਾਂਡ ਦੀ ਜ਼ਿੰਮੇਵਾਰੀ ਲਈ ਹੈ।


ਇਸ ਗੱਲ ਦਾ ਪਤਾ ਲੱਗਣ ਤੋਂ ਬਾਅਦ ਪੁਲਿਸ ਤੇ ਪ੍ਰਸ਼ਾਸਨ ਵਿੱਚ ਹਲਚਲ ਮੱਚ ਗਈ ਹੈ। ਤੁਰੰਤ ਇੱਕ ਟੀਮ ਨੇ ਜੇਲ੍ਹ ਵਿੱਚ ਤਲਾਸ਼ੀ ਮੁਹਿੰਮ ਚਲਾਈ ਪਰ ਬਿਸ਼ਨੋਈ ਤੋਂ ਕੋਈ ਮੋਬਾਈਲ ਨਹੀਂ ਮਿਲਿਆ। ਹੁਣ ਪੁਲਿਸ ਇਸ ਬਾਰੇ ਜਾਣਕਾਰੀ ਇਕੱਤਰ ਕਰ ਰਹੀ ਹੈ ਕਿ ਆਖ਼ਰ ਕੌਣ ਤੇ ਕਿੱਥੋਂ ਇਹ ਖਾਤਾ ਚਲਾ ਰਿਹਾ ਹੈ।