ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਰੇਲ ਮੰਤਰਾਲੇ ਨੇ ਸੁਲਤਾਨਪੁਰ ਲੋਧੀ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਭੀੜ ਦੇ ਮੱਦੇਨਜ਼ਰ 14 ਵਿਸ਼ੇਸ਼ ਅੰਤਰਰਾਜ ਤੇ ਲੰਬੀ ਦੂਰੀ ਅੰਤਰਰਾਜੀ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ। ਸੁਲਤਾਨਪੁਰ ਲੋਧੀ ਨੂੰ ਇਹ ਰੇਲ ਆਵਾਜਾਈ ਪਹਿਲੀ ਨਵੰਬਰ ਤੋਂ ਸ਼ੁਰੂ ਕੀਤੀ ਜਾਏਗੀ। ਦੱਸ ਦੇਈਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਨੂੰ ਇਸ ਬਾਰੇ ਦਰਖ਼ਾਸਤ ਕੀਤੀ ਸੀ ਜਿਸ ਨੂੰ ਕੇਂਦਰ ਨੇ ਮਨਜ਼ੂਰ ਕਰ ਲਿਆ ਹੈ।
ਇਕ ਸਰਕਾਰੀ ਬੁਲਾਰੇ ਮੁਤਾਬਕ ਇਹ ਵਿਸ਼ੇਸ਼ ਯਾਤਰੀ ਤੇ ਐਕਸਪ੍ਰੈਸ ਰੇਲ ਗੱਡੀਆਂ ਪੰਜਾਬ ਤੇ ਹੋਰ ਖੇਤਰਾਂ ਖ਼ਾਸ ਕਰਕੇ ਨਾਂਦੇੜ ਅਤੇ ਪਟਨਾ ਸਾਹਿਬ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਦੇਣਗੀਆਂ। ਇਸ ਮਹੀਨੇ ਦੇ ਸ਼ੁਰੂ ਵਿੱਚ ਹੀ ਕੇਂਦਰ ਨੇ ਕੈਪਟਨ ਸਰਕਾਰ ਦੇ ਨਵੀਂ ਦਿੱਲੀ ਨੂੰ ਸੁਲਤਾਨਪੁਰ ਲੋਧੀ ਨਾਲ ਜੋੜਨ ਲਈ ਵਿਸ਼ੇਸ਼ ਐਕਸਪ੍ਰੈਸ ਰੇਲ ਗੱਡੀ ਚਲਾਉਣ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਸੀ।
ਬੁਲਾਰੇ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਕਰਨ ਲਈ ਚੱਲ ਰਹੇ ਕੰਮ ਰੇਲਵੇ ਵੱਲੋਂ ਨਵੰਬਰ ਵਿੱਚ ਹੋਣ ਵਾਲੇ ਇਤਿਹਾਸਕ ਸਮਾਗਮਾਂ ਤੋਂ ਪਹਿਲਾਂ ਵੀ ਮੁਕੰਮਲ ਕਰ ਲਏ ਜਾਣਗੇ। ਉੱਤਰੀ ਰੇਲਵੇ ਦੁਆਰਾ ਜਾਰੀ ਕੀਤੇ ਗਏ ਸੰਦੇਸ਼ ਅਨੁਸਾਰ, ਅੰਮ੍ਰਿਤਸਰ-ਡੇਰਾ ਬਾਬਾ ਨਾਨਕ ਡੀਜ਼ਲ ਮਲਟੀਪਲ ਯੂਨਿਟ (ਡੀਈਯੂਯੂ) 60 ਵਾਰੀ ਚੱਲੇਗੀ, ਜੋ 1 ਤੋਂ 16 ਨਵੰਬਰ, 2019 ਦਰਮਿਆਨ, ਸਵੇਰੇ 9: 10 ਵਜੇ ਸ਼ੁਰੂ ਹੋ ਕੇ ਤੜਕੇ 2 ਵਜੇ ਡੇਰਾ ਬਾਬਾ ਨਾਨਕ ਪਹੁੰਚੇਗੀ।