ਨਵੀਂ ਦਿੱਲੀ: ਵਿਸ਼ਵ ਦਾ ਸਭ ਤੋਂ ਵੱਡਾ ਤੇਲ ਬਰਾਮਦਕਾਰ ਸਾਊਦੀ ਅਰਬ, ਭਾਰਤ ਵਿੱਚ ਪੈਟਰੋਕੈਮੀਕਲਜ਼, ਬੁਨਿਆਦੀ ਢਾਂਚੇ ਤੇ ਖਣਨ ਸਮੇਤ ਵਿਕਾਸ ਦੀ ਸਮਰੱਥਾ ਵਾਲੇ ਹੋਰਨਾਂ ਖੇਤਰਾਂ ਵਿੱਚ ਸੌ ਅਰਬ (ਇੱਕ ਖਰਬ) ਅਮਰੀਕੀ ਡਾਲਰ ਦਾ ਨਿਵੇਸ਼ ਕਰੇਗਾ। ਸਾਊਦੀ ਅਰਬ ਦੇ ਸਫ਼ੀਰ ਡਾ. ਸੌਦ ਬਿਨ ਮੁਹੰਮਦ ਅਲ ਸਤੀ ਨੇ ਕਿਹਾ ਕਿ ਭਾਰਤ ਵਿੱਚ ਆਕਰਸ਼ਕ ਨਿਵੇਸ਼ ਲਈ ਕੋਈ ਮੌਕੇ ਹਨ ਤੇ ਉਨ੍ਹਾਂ ਦਾ ਮੁਲਕ ਨਵੀਂ ਦਿੱਲੀ ਨਾਲ ਤੇਲ, ਗੈਸ ਤੇ ਖਣਨ ਸਮੇਤ ਹੋਰ ਅਹਿਮ ਖੇਤਰਾਂ ਵਿੱਚ ਲੰਮੀ ਭਾਈਵਾਲੀ ਕਰਨ ਦਾ ਚਾਹਵਾਨ ਹੈ।

ਖ਼ਬਰ ਏਜੰਸੀ ਨੂੰ ਦਿੱਤੀ ਇੰਟਰਵਿਊ ਦੌਰਾਨ ਅਲ ਸਤੀ ਨੇ ਕਿਹਾ, ‘ਸਾਊਦੀ ਅਰਬ, ਭਾਰਤ ਵਿੱਚ ਊਰਜਾ, ਰਿਫਾਇਨਿੰਗ , ਪੈਟਰੋਕੈਮੀਕਲਜ਼, ਬੁਨਿਆਦੀ ਢਾਂਚੇ, ਖੇਤੀ, ਖਣਿਜ ਤੇ ਖਣਨ ਦੇ ਖੇਤਰ ਵਿੱਚ ਸੌ ਅਰਬ ਅਮਰੀਕੀ ਡਾਲਰ ਦਾ ਨਿਵੇਸ਼ ਕਰਨ ਦਾ ਚਾਹਵਾਨ ਹੈ।’

ਉਨ੍ਹਾਂ ਕਿਹਾ ਕਿ ਸਾਊਦੀ ਅਰਬ ਦੀ ਸਭ ਤੋਂ ਵੱਡੀ ਤੇਲ ਫ਼ਰਮ ਅਰਾਮਕੋ ਦੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨਾਲ ਤਜਵੀਜ਼ੀ ਭਾਈਵਾਲੀ ਦੋਵਾਂ ਮੁਲਕਾਂ ਦਰਮਿਆਨ ਊਰਜਾ ਦੇ ਖੇਤਰ ਵਿੱਚ ਵਧਦੀ ਭਾਈਵਾਲੀ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਤੇਲ ਸਪਲਾਈ, ਮਾਰਕੀਟਿੰਗ, ਪੈਟਰੋਕੈਮੀਕਲਜ਼ ਦੀ ਰਿਫਾਇਨਿੰਗ ਤੇ ਲੁਬਰੀਕੈਂਟ ਜਿਹੇ ਖੇਤਰਾਂ ਵਿੱਚ ਨਿਵੇਸ਼ ਅਰਾਮਕੋ ਦੀ ਆਲਮੀ ਰਣਨੀਤੀ ਦਾ ਹਿੱਸਾ ਹੈ।