ਪਟਨਾ: ਬਿਹਾਰ ਵਿੱਚ ਲੂ ਦੀ ਵਜ੍ਹਾ ਨਾਲ ਪਿਛਲੇ 24 ਘੰਟਿਆਂ ਵਿੱਚ ਘੱਟੋ-ਘੱਟ 45 ਜਣਿਆਂ ਦੀ ਮੌਤ ਹੋ ਗਈ ਹੈ ਤੇ 100 ਤੋਂ ਵੱਧ ਹਸਪਤਾਲ ਦਾਖ਼ਲ ਹਨ। ਔਰੰਗਾਬਾਦ, ਗਯਾ ਤੇ ਨਵਾਦਾ ਜ਼ਿਲ੍ਹਿਆਂ ਵਿੱਚ ਲੂ ਲੱਗਣ ਦਾ ਵਜ੍ਹਾ ਨਾਲ ਇੰਨੀਆਂ ਮੌਤਾਂ ਹੋਈਆਂ ਹਨ। ਗਯਾ ਤੇ ਪਤਨਾ ਦਾ ਸ਼ਨੀਵਾਰ ਨੂੰ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ ਸੀ। ਔਰੰਗਾਬਾਦ ਦੇ ਸਿਵਲ ਸਰਜਨ ਡਾ. ਸੁਰੇਂਦਰ ਪ੍ਰਸਾਦ ਨੇ ਸ਼ਨੀਵਾਰ ਦੇਰ ਰਾਤ ਤਕ ਲੂ ਲੱਗਣ ਦੀ ਵਜ੍ਹਾ ਨਾਲ 27 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਸੀ।

ਸੁਰੇਂਦਰ ਪ੍ਰਸਾਦ ਸਿੰਘ ਨੇ ਦੱਸਿਆ ਕਿ ਵੱਖ-ਵੱਖ ਹਸਪਤਾਲਾਂ ਵਿੱਚ ਦਰਜਨਾਂ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਗਯਾ ਦੇ ਜ਼ਿਲ੍ਹਾ ਅਧਿਕਾਰੀ ਅਭਿਸ਼ੇਕ ਸਿੰਘ ਨੇ 14 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ ਜਦਕਿ ਇੱਕ ਹੋਰ ਜ਼ਿਲ੍ਹਾ ਅਧਿਕਾਰੀ ਨੇ ਨਵਾਦਾ ਵਿੱਚ ਪੰਜ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ। ਦੋਵਾਂ ਜ਼ਿਲ੍ਹਿਆਂ ਵਿੱਚ ਲੂ ਨਾਲ ਪ੍ਰਭਾਵਿਤ 60 ਤੋਂ ਵੱਧ ਲੋਕਾਂ ਦਾ ਇਲਾਜ ਕੀਤਾ ਗਿਆ ਹੈ।

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇਨ੍ਹਾਂ ਮੌਤਾਂ 'ਤੇ ਦੁੱਖ ਜਤਾਇਆ ਹੈ। ਪੀੜਤਾਂ ਦੇ ਪਰਿਵਾਰ ਵਾਲਿਆਂ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਏਗਾ। ਸਰਕਾਰ ਨੇ ਮ੍ਰਿਤਕਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਲੂ ਨੂੰ ਲੈ ਕੇ ਚੇਤਾਵਨੀ ਵੀ ਜਾਰੀ ਕੀਤੀ ਹੈ। ਲੋਕਾਂ ਨੂੰ ਦਿਨ ਵੇਲੇ ਬਾਹਰ ਨਾ ਜਾਣ ਤੇ ਆਪਣਾ ਧਿਆਨ ਰੱਖਣ ਦੀ ਸਲਾਹ ਦਿੱਤੀ ਹੈ।