ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਬਗਾਵਤ ਕਰਨ ਮਗਰੋਂ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਹਾਲੇ ਤਕ ਆਪਣੇ ਵਿਭਾਗ ਦੀ ਵਾਗਡੋਰ ਨਹੀਂ ਸੰਭਾਲੀ। ਉਹ ਇਸ ਮਾਮਲੇ 'ਤੇ ਚੁੱਪ ਸਾਧੀ ਬੈਠੇ ਹਨ। ਸਿਆਸੀ ਗਲਿਆਰਿਆਂ ਵਿੱਚ ਚਰਚਾ ਹੈ ਕਿ ਕਾਂਗਰਸ ਵਿੱਚ ਸਿੱਧੂ ਲਈ ਨਵਾਂ ਰਾਹ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸਿੱਧੂ ਤੇ ਕੈਪਟਨ ਦੀ ਆਪਸੀ ਤਕਰਾਰ ਨੂੰ ਖ਼ਤਮ ਕਰਨ ਲਈ ਕਾਂਗਰਸ ਨਵੇਂ ਫਾਰਮੂਲੇ 'ਤੇ ਕੰਮ ਕਰ ਰਹੀ ਹੈ। ਇਸ ਤਹਿਤ ਸਿੱਧੂ ਨੂੰ ਪਾਰਟੀ ਵਿੱਚ ਵੱਡਾ ਅਹੁਦਾ ਮਿਲ ਸਕਦਾ ਹੈ। ਉਹ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੀ ਟੀਮ ਦਾ ਹਿੱਸਾ ਬਣ ਸਕਦੇ ਹਨ। ਦੂਜੇ ਪਾਸੇ 'ਆਪ' ਤੇ ਲੋਕ ਇਨਸਾਫ ਪਾਰਟੀ ਵੱਲੋਂ ਵੀ ਸਿੱਧੂ ਨੂੰ ਖੁੱਲ੍ਹਾ ਆਫਰ ਮਿਲ ਰਿਹਾ ਹੈ।

ਸੰਸਦੀ ਚੋਣਾਂ ਵਿੱਚ ਮਿਲੀ ਵੱਡੀ ਹਾਰ ਮਗਰੋਂ ਰਾਹੁਲ ਗਾਂਧੀ ਨਵਾਂ ਪ੍ਰਧਾਨ ਬਣਾਉਣ ਦੀ ਜ਼ਿੱਦ 'ਤੇ ਅੜੇ ਹਨ। ਇਸ ਦੇ ਵਿਕਲਪ ਵਜੋਂ ਪਾਰਟੀ ਵਿੱਚ ਚਰਚਾ ਚੱਲ ਰਹੀ ਹੈ ਕਿ ਪੂਰੇ ਦੇਸ਼ ਨੂੰ ਚਾਰ ਹਿੱਸਿਆਂ ਵਿੱਚ ਵੰਡ ਕੇ ਚਾਰ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣ। ਪਾਰਟੀ ਸੂਤਰਾਂ ਮੁਤਾਬਕ ਉੱਤਰੀ ਹਿੱਸੇ ਲਈ ਨਵਜੋਤ ਸਿੱਧੂ ਦੇ ਨਾਂ 'ਤੇ ਚਰਚਾ ਹੋ ਰਹੀ ਹੈ। ਇਨ੍ਹਾਂ ਸੰਸਦੀ ਚੋਣਾਂ ਵਿੱਚ ਕਾਂਗਰਸ ਵੱਲੋਂ ਨਵਜੋਤ ਸਿੱਧੂ ਨੇ ਰਾਹੁਲ ਗਾਂਧੀ ਦੇ ਬਾਅਦ ਸਭ ਤੋਂ ਜ਼ਿਆਦਾ ਰੈਲੀਆਂ ਕੀਤੀਆਂ ਸੀ। ਉਸ ਤੋਂ ਪਹਿਲਾਂ ਕੁਝ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਸਿੱਧੂ ਨੇ ਸਭ ਤੋਂ ਵੱਧ ਰੈਲੀਆਂ ਕੀਤੀਆਂ। ਚੋਣਾਂ ਦੌਰਾਨ ਉਨ੍ਹਾਂ ਦੀ ਡਿਮਾਂਡ ਵੀ ਕਾਫੀ ਰਹੀ ਸੀ।

ਪੰਜਾਬ ਦੀ ਗੱਲ ਕੀਤੀ ਜਾਏ ਤਾਂ ਇੱਥੇ ਉਨ੍ਹਾਂ ਸਭ ਤੋਂ ਘੱਟ ਰੈਲੀਆਂ ਕੀਤੀਆਂ ਪਰ ਇੱਥੇ ਕਾਂਗਰਸ ਨੂੰ ਸਭ ਤੋਂ ਵੱਧ ਸੀਟਾਂ ਮਿਲੀਆਂ। ਬਠਿੰਡਾ ਵਿੱਚ ਸਿੱਧੂ ਵੱਲੋਂ ਕੈਪਟਨ 'ਤੇ ਹਮਲਾ ਕੀਤੇ ਜਾਣ ਬਾਅਦ ਪਾਰਟੀ ਦੀ ਹਾਰ ਮਗਰੋਂ ਸਭ ਸਿੱਧੂ 'ਤੇ ਹਮਲਾਵਰ ਹੋ ਗਏ। ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੇ ਨਤੀਜੇ ਵਾਲੇ ਦਿਨ ਹੀ ਸਿੱਧੂ ਨੂੰ ਨਾਨ ਪਰਫਾਰਮਰ ਮੰਤਰੀ ਕਹਿ ਦਿੱਤਾ ਤੇ ਐਲਾਨ ਕੀਤਾ ਸੀ ਕੇ ਇਹ ਜਲਦ ਹੀ ਸਿੱਧੂ ਦਾ ਵਿਭਾਗ ਬਦਲ ਦੇਣਗੇ ਤੇ ਉਨ੍ਹਾਂ ਅਜਿਹਾ ਕੀਤਾ ਵੀ, ਪਰ ਗੈਰਤਮੰਦ ਸਿੱਧੂ ਨੇ ਹੁਣ ਤਕ ਕੈਪਟਨ ਵੱਲੋਂ ਸੌਪਿਆ ਨਵਾਂ ਵਿਭਾਗ ਨਹੀਂ ਸੰਭਾਲਿਆ।