ਸੁਪੌਲ: ਬਿਹਾਰ ਦੇ ਸੁਪੌਲ ਜ਼ਿਲ੍ਹੇ ਦੇ ਰਾਘੋਪੁਰ ਥਾਣੇ ਤੋਂ ਜੰਮੂ-ਕਸ਼ਮੀਰ ਤੋਂ ਭਜਾ ਕੇ ਲਿਆਂਦੀਆਂ ਦੋ ਸੱਕੀਆਂ ਭੈਣਾਂ ਨੂੰ ਕਸ਼ਮੀਰ ਪੁਲਿਸ ਨੇ ਸੁਪੌਲ ਪੁਲਿਸ ਦੀ ਮਦਦ ਨਾਲ ਬਰਾਮਦ ਕੀਤਾ ਹੈ। ਇਸ ਸਿਲਸਿਲੇ ‘ਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਨੌਜਵਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਨ੍ਹਾਂ ਕੁੜੀਆਂ ਨਾਲ ਵਿਆਹ ਕੀਤਾ ਹੈ।



ਪੁਲਿਸ ਦੇ ਇੱਕ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਸੁਪੌਲ ਜ਼ਿਲ੍ਹੇ ਦੇ ਰਾਮਵਿਸ਼ਨੂਪੁਰ ਪਿੰਡ ਦੇ ਪਰਵੇਜ਼ ਆਲਮ ਤੇ ਤਬਰੇਜ਼ ਆਲਮ ਨੂੰ ਕਸ਼ਮੀਰ ਤੋਂ ਕੁੜੀਆਂ ਭਜਾਉਣ ਦੇ ਇਲਜ਼ਾਮ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ।




ਪੁਲਿਸ ਮੁਤਾਬਕ ਪਰਵੇਜ ਤੇ ਤਵਰੇਜ਼ ਦੋਵੇਂ ਸੱਕੇ ਭਰਾ ਕਸ਼ਮੀਰ ਦੇ ਰਾਮਬਨ ‘ਚ ਕੰਮ ਕਰਦੇ ਸੀ। ਜਿੱਥੇ ਦੋਵਾਂ ਨੂੰ ਦੋ ਸੱਕੀਆਂ ਕਸ਼ਮੀਰੀ ਭੈਣਾਂ ਨਾਲ ਪਿਆਰ ਹੋ ਗਿਆ ਤੇ ਦੋਵੇਂ ਉਨ੍ਹਾਂ ਨੂੰ ਆਪਣੇ ਬਿਹਾਰ ਵਾਲੇ ਘਰ ਲੈ ਆਏ। ਇਸੇ ਦੌਰਾਨ ਕਸ਼ਮੀਰ ‘ਚ ਕੁੜੀ ਦੇ ਪਰਿਵਾਰ ਵਾਲਿਆਂ ਨੇ ਇਸ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੱਤੀ।




ਸੁਪੌਲ ਦੇ ਪੁਲਿਸ ਅਧਿਕਾਰੀ ਵਿਦਿਆਸਾਗਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਕਸ਼ਮੀਰ ਪੁਲਿਸ ਇੱਥੇ ਆਈ ਤੇ ਦੋਵਾਂ ਕੁੜੀਆਂ ਨੂੰ ਬਰਾਮਦ ਕਰਨ ‘ਤੇ ਤਵਰੇਜ਼ ਤੇ ਪਰਵੇਜ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕਸ਼ਮੀਰ ਪੁਲਿਸ ਕਾਨੂੰਨੀ ਕਾਗਜ਼ੀ ਕਾਰਵਾਈ ਤੋਂ ਬਾਅਦ ਦੋਵਾਂ ਨੌਜਵਾਨਾਂ ਨੂੰ ਕਸ਼ਮੀਰ ਲੈ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਰਜ਼ਾਮੰਦੀ ਨਾਲ ਕੁੜੀਆਂ ਨਾਲ ਨਿਕਾਹ ਕੀਤਾ ਹੈ।