ਹੁਸ਼ਿਆਰਪੁਰ: ਅੱਜ ਯੂਥ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਦੋਆਬਾ ਜ਼ੋਨ ਦੀ ਰੈਲੀ ਵਿੱਚ ਬਤੌਰ ਮੁੱਖ ਮਹਿਮਾਨ ਪੁੱਜੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਬਿਆਨ ਕਿ ਬੀਜੇਪੀ ਤੇ ਪੀਐਮ ਮੋਦੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਿਖਾਏ ਰਾਹ ’ਤੇ ਚੱਲਣਾ ਚਾਹੀਦਾ ਹੈ, ਬਾਰੇ ਕਿਹਾ ਕਿ ਜੇ ਅਜਿਹੀ ਗੱਲ ਹੈ ਤਾਂ ਫਿਰ ਸਾਬਕਾ ਪੀਐਮ ਇੰਦਰਾ ਗਾਂਧੀ ਵੀ ਗੁਰੂ ਸਾਹਿਬ ਦੇ ਰਾਹ ’ਤੇ ਹੀ ਚੱਲੇ ਹੋਣਗੇ ਜਿਨ੍ਹਾਂ ਸ੍ਰੀ ਦਰਬਾਰ ਸਾਹਿਬ ’ਤੇ ਕਾਰਵਾਈ ਕਰਵਾਈ।


ਮਜੀਠੀਆ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਮੋਗਾ ਰੈਲੀ ’ਤੇ ਸਰਕਾਰੀ ਤੰਤਰ ਦਾ ਦੁਰਉਪਯੋਗ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਰੈਲੀ ਸਫਲ ਬਣਾਉਣ ਲਈ ਕਾਂਗਰਸ ਨੇ ਸਰਕਾਰੀ ਤੰਤਰ ਦਾ ਉਪਯੋਗ ਕੀਤਾ ਹੈ। ਇਸ ਦੇ ਨਾਲ ਹੀ ਕਿਹਾ ਕਿ ਰਾਹੁਲ ਦੀ ਰੈਲੀ ਫਲਾਪ ਸੀ ਤੇ ਇਕੱਠ ਵੀ ਸਰਕਾਰੀ ਸੀ। ਇਸ ਦੇ ਨਾਲ ਹੀ ਉਨ੍ਹਾਂ ਬਹਿਬਲ ਕਲਾਂ ਗੋਲ਼ੀ ਕਾਂਡ ਦੀ ਜਾਂਚ ਲਈ ਬਣਾਈ ਸਿਟ ’ਤੇ ਸਵਾਲ ਖੜੇ ਕਰਦਿਆਂ ਸੁਪਰੀਮ ਕੋਰਟ ਜਾਂ ਕਿਸੇ ਨਿਰਪੱਖ ਜਾਂਚ ਏਜੰਸੀ ਕੋਲੋਂ ਜਾਂਚ ਕਰਾਉਣ ਦੀ ਮੰਗ ਕੀਤੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਜੋ ਪਾਰਟੀ ਪਾਕਿਸਤਾਨ ਤੇ ਜਨਰਲ ਬਾਜਵਾ ਦੀ ਭਾਸ਼ਾ ਬੋਲਦੀ ਹੈ, ਉਹ ਜਵਾਨਾਂ ਦੀ ਸ਼ਹਾਦਤ ਦਾ ਅਪਮਾਨ ਕਰ ਰਹੀ ਹੈ। ਉਨ੍ਹਾਂ ਹਵਾਈ ਫੌਜ ਦੀ ਪਾਕਿਸਤਾਨ ਦੇ ਬਾਲਾਕੋਟ ਵਿੱਚ ਕੀਤੀ ਏਅਰ ਸਟ੍ਰਾਈਕ ’ਤੇ ਵਿਦੇਸ਼ੀ ਤਾਕਤਾਂ ਦਾ ਸਮਰਥਨ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਪੰਜਾਬ ਦੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਨਿਸ਼ਾਨੇ ’ਤੇ ਲਿਆ।