ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ 1984 ਕਤਲੇਆਮ ਦੌਰਾਨ ਮਾਰੇ ਗਏ 127 ਸਿੱਖਾਂ ਦੀ ਹੱਤਿਆ ਮਾਮਲੇ ਵਿੱਚ ਸਰਕਾਰ ਅਦਾਲਤ ਵਿੱਚ ਜਵਾਬ ਨਹੀਂ ਦੇ ਸਕੀ। ਯੂਪੀ ਸਰਕਾਰ ਨੇ ਸੁਪਰੀਮ ਕੋਰਟ ਤੋਂ ਜਵਾਬ ਦੇਣ ਲਈ ਤਿੰਨ ਹਫ਼ਤਿਆਂ ਦਾ ਸਮਾਂ ਮੰਗਿਆ ਹੈ। ਸਰਕਾਰ ਦੀ ਇਸ ਢਿੱਲਮੱਠ 'ਤੇ ਪੀੜਤਾਂ ਨੇ ਸਖ਼ਤ ਇਤਰਾਜ਼ ਵੀ ਜਤਾਇਆ ਹੈ।


ਯੂਪੀ ਸਰਕਾਰ ਨੇ ਸੁਪਰੀਮ ਕੋਰਟ ਤੋਂ ਜਾਂਚ ਲਈ ਤਿੰਨ ਹਫ਼ਤਿਆਂ ਦਾ ਸਮਾਂ ਮੰਗਿਆ। ਇਸ 'ਤੇ ਅਦਾਲਤ ਨੇ ਯੂਪੀ ਸਰਕਾਰ ਦੀ ਵਿਸ਼ੇਸ਼ ਜਾਂਚ ਟੀਮ ਨੂੰ ਤਿੰਨ ਹਫ਼ਤਿਆਂ ਵਿੱਚ ਜਵਾਬ ਦੇਣ ਦੀ ਇਜਾਜ਼ਤ ਦੇ ਦਿੱਤੀ। ਉੱਧਰ, ਆਲ ਇੰਡੀਆ ਸਿੱਖ ਰਾਈਟਸ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ ਭੋਗਲ ਨੇ ਯੂਪੀ ਸਰਕਾਰ 'ਤੇ ਮਾਮਲੇ ਨੂੰ ਜਾਣਬੁੱਝ ਕੇ ਲਟਕਾਉਣ ਦੇ ਦੋਸ਼ ਲਾਏ।

ਉਨ੍ਹਾਂ ਕਿਹਾ ਕਿ ਐਸਆਈਟੀ ਗਠਿਤ ਕੀਤੇ ਨੂੰ ਮਹੀਨਾ ਹੋ ਗਿਆ ਹੈ ਪਰ ਟੀਮ ਨੇ ਹਾਲੇ ਤਕ ਕੰਮ ਸ਼ੁਰੂ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕ ਅੱਜ ਆਪਣੀ ਗਵਾਹੀ ਦੇਣ ਨੂੰ ਰਾਜ਼ੀ ਹਨ, ਪਰ ਐਸਆਈਟੀ ਦੀ ਦੇਰੀ ਕਾਰਨ ਉਨ੍ਹਾਂ ਨੂੰ ਖ਼ਤਰਾ ਵੀ ਹੋ ਸਕਦਾ ਹੈ।