ਚੰਡੀਗੜ੍ਹ: ਪਿਛਲੇ ਬੁੱਧਵਾਰ ਪਾਕਿਸਤਾਨ ਨੇ ਭਾਰਤ ਤੋਂ ਹੋਰ ਦੇਸ਼ਾਂ ਨੂੰ ਜਾਣ ਵਾਲੀਆਂ ਏਅਰਲਾਈਨਜ਼ ਨੂੰ ਆਪਣੇ ਹਵਾਈ ਖੇਤਰ ਤੋਂ ਗੁਜ਼ਰਨ ’ਤੇ ਰੋਕ ਲਾ ਦਿੱਤੀ ਹੈ। ਇਸ ਕਰਕੇ ਏਅਰ ਇੰਡੀਆ ਨੂੰ ਆਪਣੀਆਂ ਯੂਰਪ ਤੇ ਯੂਐਸ ਉਡਾਣਾਂ ਕਰਕੇ ਲਗਪਗ ਪ੍ਰਤੀ ਦਿਨ 3 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ।
ਏਅਰ ਇੰਡੀਆ ਦੀਆਂ 14-16 ਘੰਟੇ ਦੀਆਂ ਉਡਾਣਾਂ ਵਿੱਚ ਨਿਊਯਾਰਕ, ਸ਼ਿਕਾਗੋ, ਵਾਸ਼ਿੰਗਟਨ ਤੇ ਸੈਨ ਫਰਾਂਸਿਸਕੋ ਲਈ ਨਾਨ-ਸਟਾਪ ਉਡਾਣਾਂ ’ਤੇ ਬੋਇੰਗ 777 ਜਹਾਜ਼ ਉਡਾਉਂਦੀ ਹੈ। ਇਸ ਵਿੱਚ ਦਿੱਲੀ ਤੇ ਮੁੰਬਈ ਤੋਂ ਅਮਰੀਕਾ ਲਈ 36 ਹਫ਼ਤਾਵਰੀ ਸਟਾਪ ਹਨ ਜੋ ਪਾਕਿਸਤਾਨ ਦੇ ਹਵਾਈ ਖੇਤਰ ਤੋਂ ਹੋ ਕੇ ਜਾਂਦੇ ਹਨ।
ਇਸ ਬੰਦ ਦੇ ਕਰਕੇ ਹਵਾਈ ਰੂਟਾਂ ਵਿੱਚ ਫੇਰਬਦਲ ਕਰਨਾ ਪੈ ਰਿਹਾ ਹੈ। ਦਿੱਲੀ ਤੋਂ ਹੁਣ ਦੱਖਣ ਵੱਲੋਂ ਉਡਾਣਾਂ ਜਾਂਦੀਆਂ ਹਨ ਤੇ ਓਮਾਨੀ ਤੇ ਈਰਾਨ ਹਵਾਈ ਖੇਤਰ ਵਿੱਚ ਦਾਖ਼ਲ ਹੁੰਦੀਆਂ ਹਨ। ਇਸ ਕਰਕੇ ਉਡਾਣ ਨੂੰ ਦੋ ਘੰਟਿਆਂ ਦਾ ਵੱਧ ਸਮਾਂ ਲੱਗਦਾ ਹੈ। ਇਸ ਤੋਂ ਇਲਾਵਾ ਏਅਰ ਲਾਈਨ ਨੂੰ ਦੋਵਾਂ ਦਿਸ਼ਾਵਾਂ ਵਿੱਚ ਤੇਲ ਭਰਵਾਉਣ ਲਈ ਸ਼ਾਰਜਾਹ ਵਿੱਚ ਇੱਕ ਪੜਾਅ ਲਈ ਵੀ ਰੁਕਣਾ ਪੈ ਰਿਹਾ ਹੈ।