ਜੱਬਲਪੁਰ: ਭਾਰਤ-ਪਾਕਿਸਤਾਨ 'ਚ ਵਧੇ ਤਣਾਅ ਦਰਮਿਆਨ ਸਾਧਵੀ ਪ੍ਰਾਚੀ ਨੇ ਪਾਕਿਸਤਾਨੀ ਕਲਾਕਾਰਾਂ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਇਹ ਕਲਾਕਾਰ ਆਪਣੀ ਕਲਾ ਆਪਣੇ ਹੀ ਦੇਸ਼ 'ਚ ਦਿਖਾਉਣ। ਜੇਕਰ ਇਨ੍ਹਾਂ ਕਲਾਕਾਰਾਂ ਪ੍ਰਤੀ ਸਲਮਾਨ, ਸ਼ਾਹਰੁਖ 'ਤੇ ਆਮਿਰ ਖਾਨ ਸਮੇਤ ਹੋਰਾਂ ਨੂੰ ਹਮਦਰਦੀ ਹੈ ਤਾਂ ਉਹ ਪਾਕਿਸਤਾਨ ਚਲੇ ਜਾਣ। ਸਾਡੇ ਦੇਸ਼ ਦਾ ਖਾ ਕੇ ਪਾਕਿਸਤਾਨ ਨਾਲ ਹਮਦਰਦੀ ਨਹੀਂ ਚੱਲੇਗੀ।

ਪਾਕਿਸਤਾਨੀ ਕਲਾਕਾਰਾਂ ਦੇ ਭਾਰਤ 'ਚ ਆ ਕੇ ਪ੍ਰੋਗਰਾਮ ਕਰਨ 'ਤੇ ਕਈ ਹਿੰਦੂ ਜਥੇਬੰਦੀਆਂ ਨੂੰ ਸਖਤ ਇਤਰਾਜ਼ ਹੈ, ਇੰਨਾ ਹੀ ਨਹੀਂ ਉਨ੍ਹਾਂ ਦੇ ਭਾਰਤ 'ਚ ਹੋਣ ਵਾਲੇ ਪ੍ਰੋਗਰਾਮਾਂ ਦਾ ਵੀ ਵਿਰੋਧ ਜਤਾਇਆ ਜਾ ਰਿਹਾ ਹੈ। ਇਸ 'ਤੇ ਸਲਮਾਨ ਖਾਨ, ਪਾਕਿ ਕਲਾਕਾਰਾਂ ਦੇ ਸਮਰਥਨ 'ਚ ਆਏ, ਜਿਸ ਦਾ ਵਿਰੋਧ ਵੀ ਕੀਤਾ ਗਿਆ ਹੈ। ਸਲਮਾਨ ਦੇ ਇਸ ਬਿਆਨ 'ਤੇ ਸਾਧਵੀ ਪ੍ਰਾਚੀ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।

ਪ੍ਰਾਚੀ ਨੇ ਕਿਹਾ ਕਿ ਇਹ ਗੱਲ ਬੇਸ਼ੱਕ ਠੀਕ ਹੈ ਕਿ ਗੁਆਂਢੀ ਨਾਲ ਮਿਲ ਕੇ ਰਹਿਣਾ ਚਾਹੀਦਾ ਹੈ, ਪਰ ਜੇਕਰ ਗੁਆਂਢੀ ਬਦਮਾਸ਼ ਹੋਵੇ ਤਾਂ ਉਸ ਨੂੰ ਸਬਕ ਸਿਖਾਉਣਾ ਵੀ ਜ਼ਰੂਰੀ ਹੈ, ਕਿਉਂਕਿ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ।

ਸਾਧਵੀ ਇੱਥੇ ਹੀ ਨਹੀਂ ਰੁਕੀ ਉਨ੍ਹਾਂ ਮਹਾਤਮਾ ਗਾਂਧੀ ਤੇ ਕਾਂਗਰਸ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਮਹਾਤਮਾ ਗਾਂਧੀ ਕਦੇ ਉਨ੍ਹਾਂ ਦੇ ਅਦਰਸ਼ ਨਹੀਂ ਹੋ ਸਕਦੇ, ਉਹ ਤਾਂ ਗਾਂਧੀ ਜਯੰਤੀ ਮੌਕੇ ਗੋਡਸੇ ਨੂੰ ਨਮਨ ਕਰਦੇ ਹਨ, ਕਿਉਂਕਿ ਜੇਕਰ ਉਹ ਗਾਂਧੀ ਦੇ ਸੀਨੇ 'ਤੇ ਗੋਲੀ ਨਾ ਮਾਰਦੇ ਤਾਂ ਅੱਜ ਹਿੰਦੁਸਤਾਨ ਮੱਕਾ ਮਦੀਨਾ 'ਚ ਨਮਾਜ਼ ਪੜ੍ਹ ਰਿਹਾ ਹੁੰਦਾ।