ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਅਗਲੇ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਵਿਧਾਇਕ ਦਲ ਦੀ ਬੈਠਕ ਵਿੱਚ ਸੀਨੀਅਰ ਨੇਤਾ ਜੈਰਾਮ ਠਾਕੁਰ ਦੇ ਨਾਂ 'ਤੇ ਮੁਹਰ ਲਾਈ ਗਈ ਹੈ। ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਸੀਨੀਅਰ ਆਗੂ, ਸਾਬਕਾ ਮੁੱਖ ਮੰਤਰੀ ਤੇ ਬੀਤੀਆਂ ਚੋਣਾਂ ਵਿੱਚ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਪ੍ਰੇਮ ਕੁਮਾਰ ਧੂਮਲ ਦੇ ਹਾਰ ਜਾਣ ਤੋਂ ਬਾਅਦ ਜੈਰਾਮ ਠਾਕੁਰ ਹੀ ਸੀ.ਐਮ. ਦੀ ਦੌੜ ਵਿੱਚ ਸਨ।
ਆਓ ਜਾਣੋ, ਕੌਣ ਹਨ ਜੈਰਾਮ ਠਾਕੁਰ?
ਹਿਮਾਚਲ ਪ੍ਰਦੇਸ਼ ਵਿੱਚ ਜੈਰਾਮ ਠਾਕੁਰ ਦਾ ਸ਼ੁਮਾਰ ਇੱਕ ਸੀਨੀਅਰ ਨੇਤਾ ਦੇ ਤੌਰ 'ਤੇ ਹੁੰਦਾ ਹੈ। ਆਰ.ਐਸ.ਐਸ. ਨਾਲ ਜੁੜੇ ਹੋਣ ਕਰਕੇ ਤੇ ਏ.ਬੀ.ਵੀ.ਪੀ. ਰਾਹੀਂ ਸਿਆਸਤ 'ਚ ਪੈਰ ਧਰਨ ਵਾਲੇ ਜੈਰਾਮ ਠਾਕੁਰ ਸੂਬੇ ਦੇ ਇਮਾਨਦਾਰ ਤੇ ਗ਼ੈਰ ਵਿਵਾਦਤ ਦਿੱਖ ਵਾਲੇ ਨੇਤਾ ਹਨ।
ਜੈਰਾਮ ਠਾਕੁਰ ਪੰਜ ਵਾਰ ਵਿਧਾਇਕ ਰਹਿ ਚੁੱਕੇ ਹਨ। ਇਸ ਵਾਰ ਮੰਡੀ ਜ਼ਿਲ੍ਹੇ ਦੇ ਸੇਰਾਜ ਸੀਟ ਤੋਂ ਵਿਧਾਇਕ ਚੁਣੇ ਗਏ ਹਨ। ਜੈਰਾਮ ਠਾਕੁਰ ਪਹਿਲੀ ਵਾਰ 1998 ਵਿੱਚ ਵਿਧਾਇਕ ਬਣੇ ਤੇ ਉਦੋਂ ਤੋਂ ਹੀ ਸੂਬੇ ਦੀ ਸਿਆਸਤ ਵਿੱਚ ਉਨ੍ਹਾਂ ਦਾ ਕੱਦ ਵਧਦਾ ਹੀ ਰਿਹਾ ਹੈ। 2009-2013 ਦੌਰਾਨ ਉਹ ਹਿਮਾਚਲ ਪ੍ਰਦੇਸ਼ ਦੇ ਪ੍ਰਧਾਨ ਵੀ ਰਹੇ।
52 ਸਾਲ ਦੇ ਜੈਰਾਮ ਠਾਕੁਰ ਆਪਣੀ ਸਾਫ ਸੁਥਰੀ ਦਿੱਖ ਕਾਰਨ ਪ੍ਰੇਮ ਕੁਮਾਰ ਧੂਮਲ ਦੀ ਸਰਕਾਰ ਸਮੇਂ ਕੈਬਨਿਟ ਮੰਤਰੀ ਦੀ ਜ਼ਿੰਮੇਵਾਰੀ ਨਿਭਾ ਚੁੱਕੇ ਹਨ। ਉਹ ਗ੍ਰਾਮੀਣ ਵਿਕਾਸ ਤੇ ਪੰਚਾਇਤ ਮੰਤਰੀ ਸਨ।
ਕਿਉਂ ਚੁਣੇ ਗਏ?
ਜੈਰਾਮ ਠਾਕੁਰ ਦੀ ਚੋਣ ਦਾ ਮੁੱਖ ਕਾਰਨ ਸਾਫ-ਸੁਥਰਾ ਅਕਸ ਤੇ ਕਿਸੇ ਵਿਵਾਦ ਵਿੱਚ ਘਿਰੇ ਨਾ ਹੋਣਾ ਹੈ। ਜੈਰਾਮ ਠਾਕੁਰ ਦੀ ਚੋਣ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਵਿੱਚ ਸੱਤਾ ਬਦਲ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਦੇ ਹੱਥਾਂ ਵਿੱਚ ਚਲਿਆ ਗਿਆ ਹੈ। ਇਸ ਤੋਂ ਪਹਿਲਾਂ ਹਿਮਾਚਲ ਵਿੱਚ ਸੱਤਾ ਦੀ ਕਮਾਨ ਪ੍ਰੇਮ ਕੁਮਾਰ ਧੂਮਲ ਤੇ ਵੀਰਭੱਦਰ ਪੁਰਾਣੀ ਪੀੜ੍ਹੀ ਦੇ ਸਨ, ਜਿਨ੍ਹਾਂ ਦੀ ਉਮਰ ਕ੍ਰਮਵਾਰ 70 ਤੇ 80 ਤੋਂ ਟੱਪ ਚੁੱਕੀ ਹੈ।