ਕਰਨਾਲ: ਕਰਨਾਲ ਦੇ ਡਾਚਰ ਪਿੰਡ ਦੇ ਗੁਰਦੁਆਰੇ 'ਚ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਲੱਗੀ ਹੋਣ ਕਰਕੇ ਗੁਰਦੁਆਰੇ ਨਾ ਜਾਣਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਮਹਿੰਗਾ ਪੈ ਰਿਹਾ ਹੈ। ਸਿੱਖ ਭਾਈਚਾਰੇ 'ਚ ਇਸ ਗੱਲ ਦਾ ਭਾਰੀ ਰੋਸ ਹੈ ਜਿਸ ਤੋਂ ਬਾਅਦ ਸਿੱਖ ਭਾਈਚਾਰੇ ਨੇ ਅੱਜ ਬੀਜੇਪੀ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ। ਕੱਲ੍ਹ ਮੁੱਖ ਮੰਤਰੀ ਕਰਨਾਲ ਦੇ 13 ਤੀਰਥ ਸਥਾਨਾਂ ਦੇ ਦੌਰੇ 'ਤੇ ਸਨ ਜਿਸ 'ਚ ਇਕ ਡਾਚਰ ਪਿੰਡ ਦਾ ਗੁਰਦੁਆਰਾ ਵੀ ਸੀ। ਗੁਰਦੁਆਰੇ 'ਚ ਹੀ ਮੁੱਖ ਮੰਤਰੀ ਨੇ ਲੰਗਰ ਵੀ ਛਕਣਾ ਸੀ ਪਰ ਮੌਕੇ 'ਤੇ ਮੁੱਖ ਮੰਤਰੀ ਦਾ ਪ੍ਰੋਗਰਾਮ ਰੱਦ ਹੋ ਗਿਆ। ਬੀਜੇਪੀ ਲਈ ਸਿੱਖਾਂ ਦਾ ਬਾਈਕਾਟ ਖ਼ਤਰੇ ਦੀ ਘੰਟੀ ਹੈ ਕਿਉਂਕਿ ਹਰਿਆਣਾ ਵਿੱਚ ਆਉਂਦੇ ਦਿਨੀਂ ਪ੍ਰਧਾਨ ਮੰਤਰੀ ਨੇ ਵੀ ਆਉਣਾ ਹੈ।


ਮੁੱਖ ਮੰਤਰੀ ਅੱਗੇ ਚਲੇ ਗਏ ਜਿਸ ਤੋਂ ਬਾਅਦ ਸਿੱਖ ਭਾਈਚਾਰੇ ਦੇ ਲੋਕਾਂ 'ਚ ਭਾਰੀ ਰੋਸ ਹੈ। ਕਿਉਂਕਿ ਉਹ ਪਿਛਲੇ ਕਈ ਦਿਨਾਂ ਤੋਂ ਇਸ ਦੀਆਂ ਤਿਆਰੀਆਂ ਕਰ ਰਹੇ ਸਨ। ਗੁੱਸੇ 'ਚ ਆਏ ਲੋਕਾਂ ਨੇ ਇੱਕ ਗੱਡੀ ਦੀ ਭੰਨਤੋੜ ਵੀ ਕੀਤੀ। ਮੁੱਖ ਮੰਤਰੀ ਦਾ ਗੁਰਦੁਆਰੇ 'ਚ ਜਾਣ ਦਾ ਪ੍ਰਗਰਾਮ ਰੱਦ ਹੋਣ ਪਿੱਛੇ ਵਜ੍ਹਾ ਸੀ ਕਿ ਗੁਰਦੁਆਰੇ 'ਚ ਜਰਨੈਲ ਸਿੰਘ ਭਿੰਡਰਾਵਾਲੇ ਦੀ ਫ਼ੋਟੋ ਲੱਗੀ ਸੀ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਹ ਗੱਲ ਖੁਦ ਕਹੀ ਹੈ।


ਰੋਸ ਦੇ ਚੱਲਦਿਆਂ ਅੱਜ ਕਰਨਾਲ ਦੇ ਕਾਰ ਸੇਵਾ ਗੁਰਦੁਆਰੇ 'ਚ ਸਿੱਖ ਸੰਗਤ ਵੱਲੋਂ ਬੈਠ ਕੇ ਵੱਡਾ ਫੈਸਲਾ ਲਿਆ ਗਿਆ ਕਿ ਜਦੋਂ ਤੱਕ ਮੁੱਖ ਮੰਤਰੀ ਵਾਪਸ ਗੁਰਦੁਆਰੇ 'ਚ ਆਕੇ ਸਿੱਖ ਸੰਗਤ ਤੋਂ ਮੁਆਫੀ ਨਹੀਂ ਮੰਗਦੇ ਤੇ ਮੱਥਾ ਨਹੀਂ ਟੇਕਦੇ ਉਦੋਂ ਤੱਕ ਬੀਜੇਪੀ ਤੇ ਮੁੱਖ ਮੰਤਰੀ ਮਨੋਹਰ ਲਾਲ ਦਾ ਬਾਈਕਾਟ ਰਹੇਗਾ।


ਇਸ ਤੋਂ ਇਲਾਵਾ 6 ਤਾਰੀਖ ਨੂੰ ਡਾਚਰ ਦੇ ਗੁਰਦੁਆਰੇ 'ਚ ਬੈਠਕ ਕਰਕੇ ਵੱਡਾ ਫੈਸਲਾ ਲਿਆ ਜਾਵੇਗਾ ਜਿਸ ਦਾ ਖਮਿਆਜਾ ਬੀਜੇਪੀ ਨੂੰ ਭੁਗਤਣਾ ਪੈ ਸਕਦਾ ਹੈ। ਸਿੱਖਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਸਾਡੀ ਸੰਗਤ ਤੇ ਲੰਗਰ ਦਾ ਨਿਰਾਦਰ ਕੀਤਾ ਹੈ ਜਿਸ ਲਈ ਬੀਜੇਪੀ ਦਾ ਬਾਈਕਾਟ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਸਾਡੀ ਕੌਮ ਦੇ ਸ਼ਹੀਦਾਂ ਦਾ ਨਿਰਾਦਰ ਕੀਤਾ ਹੈ। ਮੁੱਖ ਮੰਤਰੀ ਗੁਰਦੁਆਰੇ ਆਉਣ ਤੇ ਮੁਆਫੀ ਮੰਗਣ।