ਨਵੀਂ ਦਿੱਲੀ: ਰੁਪਏ ਵਿੱਚ ਲਗਾਤਾਰ ਦੋ ਦਿਨ ਤੋਂ ਹੋ ਰਿਹਾ ਸੁਧਾਰ ਤੀਜੇ ਦਿਨ ਵੀ ਜਾਰੀ ਰਿਹਾ। ਬਰਾਮਦਕਾਰਾਂ ਵੱਲੋਂ ਡਾਲਰ ਦੀ ਲਗਾਤਾਰ ਵਿਕਰੀ ਕਾਰਨ ਰੁਪਿਆ 11 ਪੈਸਿਆਂ ਦੀ ਤੇਜ਼ੀ ਨਾਲ ਇੱਕ ਹਫ਼ਤੇ ਦੇ ਉੱਚ ਪੱਧਰ 72.48 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ। ਹਾਲਾਂਕਿ ਹਫ਼ਤੇ ਦੌਰਾਨ ਰੁਪਏ ਦੀ ਕੀਮਤ ਵਿੱਚ 28 ਪੈਸੇ ਦੀ ਗਿਰਾਵਟ ਆਈ ਹੈ। ਇਹ ਰੁਪਏ ਦੀ ਲਗਾਤਾਰ ਪੰਜਵੀਂ ਹਫ਼ਤਾਵਾਰ ਗਿਰਾਵਟ ਹੈ।

ਦਿਨ ਦੇ ਕਾਰੋਬਾਰ ਵਿੱਚ, ਰੁਪਏ ’ਚ 72.39 ਤੋਂ 72.67 ਰੁਪਏ ਪ੍ਰਤੀ ਡਾਲਰ ਵਿਚਾਲੇ ਘਾਟਾ-ਵਾਧਾ ਹੋਇਆ। ਇਸੇ ਦੌਰਾਨ ਆਲਮੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ ਕਰੀਬ 82 ਡਾਲਰ ਪ੍ਰਤੀ ਬੈਰਲ ਪਹੁੰਚ ਗਈ।

ਆਲਮੀ ਵਪਾਰਕ ਜੰਗ ਦੀ ਸਮੱਸਿਆ ਕਰਕੇ ਕੱਚੇ ਤੇਲ ਦੀ ਕੀਮਤ ਕਾਰਨ ਰੁਪਏ ’ਤੇ ਕਾਫੀ ਅਸਰ ਪਿਆ। ਦਰਾਮਦ ਦੇ ਮਹੀਨੇ ਦੇ ਅੰਤ ਵਿੱਚ ਡਾਲਰ ਦੀ ਮੰਗ ਦੇ ਕਾਰਨ ਵੀ ਰੁਪਿਆ ਪ੍ਰਭਾਵਿਤ ਹੋਇਆ ਹੈ। ਇਸ ਤੋਂ ਇਲਾਵਾ ਅਗਲੇ ਹਫ਼ਤੇ ਭਾਰਤੀ ਰਿਜ਼ਰਵ ਬੈਂਕ ਦੀ ਨੀਤੀਗਤ ਬੈਠਕ ਤੋਂ ਪਹਿਲਾਂ ਵਪਾਰੀ ਸੁਚੇਤ ਦਿੱਸ ਰਹੇ ਸਨ। ਇਸ ਦੌਰਾਨ ਘਪਰੇਲੂ ਸ਼ੇਅਰ ਬਜ਼ਾਰ ਵਿੱਚ ਲਗਾਤਾਰ ਤੀਜੇ ਦਿਨ ਦੀ ਗਿਰਾਵਟ ਜਾਰੀ ਰਹੀ। ਮੁੰਬਈ ਸ਼ੇਅਰ ਬਾਜ਼ਾਰ ਦੇ 30 ਸ਼ੇਅਰਾਂ ’ਤੇ ਆਧਾਰਿਤ ਸੂਚਕ ਅੰਕ 97.03 ਅੰਕ ਦੀ ਗਿਰਾਵਟ ਦਰਸਾਉਂਦਾ 36,227.14 ਅੰਕ ’ਤੇ ਬੰਦ ਹੋਇਆ।

ਅੰਤਰਬੈਂਕਿੰਗ ਮੁਦਰਾ ਬਾਜ਼ਾਰ ਵਿੱਚ ਰੁਪਇਆ 72.49 ’ਤੇ ਖੁੱਲ੍ਹਾ ਤੇ ਕਾਰੋਬਾਰ ਦੌਰਾਨ 72.39 ਰੁਪਏ ਦੇ ਹਿਸਾਬ ਨਾਲ ਚੜ੍ਹਨ ਤੋਂ ਬਾਅਦ 11 ਪੈਸੇ ਜਾਂ 0.15 ਫੀਸਦੀ ਦੇ ਲਾਭ ਦਰਸਾਉਂਦਾ 72.48 ਰੁਪਏ ਪ੍ਰਤੀ ਡਾਲਰ ’ਤੇ ਬੰਦ ਹੋਇਆ। ਅੰਤਰਮੁਦਰਾ ਕਾਰੋਬਾਰ ਵਿੱਚ ਪੌਂਡ, ਯੂਰੋ ਤੇ ਜਪਾਨੀ ਯੇਨ ਦੇ ਮੁਕਾਬਲੇ ਰੁਪਏ ਵਿੱਚ ਤੇਜ਼ੀ ਆਈ ਹੈ।