ਫ਼ਤਿਹਾਬਾਦ: ਜ਼ਿਲ੍ਹੇ ਦੇ ਪਿੰਡ ਨਕਟਾ 'ਚ ਇੱਕ ਔਰਤ ਨੂੰ ਘੁੰਢ ਨਾ ਕੱਢਣ ਬਦਲੇ ਬੁਰੀ ਤਰ੍ਹਾਂ ਮਾਰ-ਕੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਰੁੜ੍ਹੀਵਾਦੀ ਰੀਤਾਂ ਦਾ ਪਾਲਨ ਨਾ ਕਰਨ 'ਤੇ ਸਹੁਰੇ ਪਰਿਵਾਰ ਵਾਲਿਆਂ ਨੇ ਆਪਣੀ ਨੂੰਹ ਨੂੰ ਬੁਰੀ ਤਰ੍ਹਾਂ ਕੁੱਟਿਆ, ਜਿਸ ਤੋਂ ਬਾਅਦ ਉਸ ਨੇ ਜ਼ਹਿਰ ਨਿਗਲ ਲਿਆ।


ਪੀੜਤਾ ਨੂੰ ਗੰਭੀਰ ਹਾਲਤ 'ਚ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਸਦੀ ਹਾਲਤ ਸਥਿਰ ਹੈ। ਹੋਸ਼ 'ਚ ਆਉਣ ਤੋਂ ਬਾਅਦ ਪੀੜਤਾ ਨੇ ਘਟਨਾ ਬਾਰੇ ਦੱਸਿਆ ਕਿ ਉਸ ਦੀ ਸੱਸ ਨੇ ਉਸ ਦੇ ਪਤੀ ਨੂੰ ਸ਼ਿਕਾਇਤ ਕੀਤੀ ਕਿ ਇਸ ਨੇ ਘੁੰਢ ਚੁੱਕ ਦਿੱਤਾ ਸੀ। ਘੁੰਢ ਤੋਂ ਘਰ 'ਚ ਝਗੜਾ ਹੋਇਆ ਤੇ ਉਸ ਦੇ ਪਤੀ ਤੇ ਸਹੁਰੇ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ। ਉਸ ਨਾਲ ਗਲੀ 'ਚ ਘੜੀਸ ਕੇ ਕੁੱਟਮਾਰ ਕੀਤੀ ਗਈ। ਬਾਅਦ 'ਚ ਉਸ ਦੇ ਬੱਚਿਆਂ ਨੇ ਉਸ ਨੂੰ ਸੰਭਾਲਿਆ। ਪੀੜਤਾ ਨੇ ਮਾਰਕੁੱਟ ਤੋਂ ਬਾਅਦ ਜ਼ਹਿਰੀਲਾ ਪਦਾਰਥ ਨਿਗਲ ਲਿਆ।


ਪੀੜਤਾ ਦੇ ਜ਼ਹਿਰ ਨਿਗਲਨ ਤੋਂ ਬਾਅਦ ਉਸਦੇ ਸਹੁਰੇ ਪਰਿਵਾਰ ਵਾਲੇ ਡਰ ਨਾਲ ਘਬਰਾ ਗਏ ਤੇ ਆਪਣਾ ਬਚਾਅ ਕਰਨ ਲਈ ਉਨ੍ਹਾਂ ਪੰਚਾਇਤੀ ਤੌਰ 'ਤੇ ਮਾਮਲਾ ਦਬਾਉਣ ਦੇ ਯਤਨ ਕੀਤੇ। ਆਖਿਰ ਪੁਲਿਸ ਦੇ ਪਹੁੰਚਣ ਤਕ ਦਬਾਅ 'ਚ ਆ ਕੇ ਪੀੜਤਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਕਿ ਉਸ ਨੇ ਖੰਘ ਦੀ ਦਵਾਈ ਦੇ ਭੁਲੇਖੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਪੁਲਿਸ ਨੇ ਪੀੜਤਾ ਦੇ ਇਨ੍ਹਾਂ ਬਿਆਨਾਂ ਦੇ ਆਧਾਰ 'ਤੇ ਮਾਮਾਲਾ ਦਰਜ ਕਰ ਲਿਆ।