ਨਵੀਂ ਦਿੱਲੀ: ਕੋਲਕਤਾ ‘ਚ ਵਿਰੋਧੀ ਧਿਰ ਦੀ ਰੈਲੀ ‘ਚ ਸ਼ਨੀਵਾਰ ਨੂੰ ਐਕਟਰ ਤੇ ਭਾਜਪਾ ਨੇਤਾ ਸ਼ਤਰੂਘਨ ਸਿਨ੍ਹਾ ਦੇ ਸ਼ਾਮਲ ਹੋਣ ‘ਤੇ ਪਾਰਟੀ ‘ਚ ਖਲਬਲੀ ਮੱਚ ਗਈ ਹੈ। ਇਸ ਮਾਮਲੇ ‘ਚ ਕਿਹਾ ਜਾ ਰਿਹਾ ਹੈ ਕਿ ਸਿਨ੍ਹਾ ‘ਤੇ ਸ਼ਾਇਦ ਪਾਰਟੀ ਜਲਦੀ ਹੀ ਕੋਈ ਸਖ਼ਤ ਕਾਰਵਾਈ ਕਰ ਸਕਦੀ ਹੈ।

ਭਾਜਪਾ ਦੇ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੇ ਏਮਜ਼ ਤੋਂ ਵਾਪਸ ਆਉਣ ਤੋਂ ਬਾਅਦ ਸਿਨ੍ਹਾ ਨੂੰ ਪਾਰਟੀ ਤੋਂ ਬਰਖ਼ਾਸਤ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ, ਕਿਉਂਕਿ ਉਨ੍ਹਾਂ ਨੇ ਸਿੱਧਾ ਪੀਐਮ ਨਰੇਂਦਰ ਮੋਦੀ ‘ਤੇ ਹਮਲਾ ਕੀਤਾ ਹੈ।

ਭਾਜਪਾ ਦੇ ਬੁਲਾਰੇ ਰਾਜੀਵ ਪ੍ਰਤਾਪ ਰੂੜੀ ਨੇ ਸ਼ਤਰੂਘਨ ਸਿਨ੍ਹਾ ਨੂੰ ਮੌਕਾਪ੍ਰਸਤ ਕਿਹਾ ਹੈ। ਉਨ੍ਹਾਂ ਕਿਹਾ, “ਪਾਰਟੀ ਇਸ ਬਾਰੇ ਗੱਲ ਕਰੇਗੀ”। ਰੂੜੀ ਅਤੇ ਸਿਨ੍ਹਾ ਦੋਵੇਂ ਬਿਹਾਰ ਤੋਂ ਹਨ। ਉਨ੍ਹਾਂ ਕਿਹਾ ਕਿ ਪਟਨਾ ਸਾਹਿਬ ‘ਚ ਸੰਸਦ ਉਹ ਸਾਰੀਆਂ ਸੁਵਿਧਾਵਾਂ ਲੈਂਦੇ ਹਨ ਜੋ ਸੰਸਦ ਦੇ ਮੈਂਬਰਾਂ ਨੂੰ ਮਿਲਦੀਆਂ ਹਨ। ਭਾਜਪਾ ਬੁਲਾਰੇ ਰੂੜੀ ਨੇ ਇਹ ਸਭ ਪ੍ਰੈਸ ਕਾਨਫ਼ਰੰਸ ‘ਚ ਕਿਹਾ।

ਰੂੜੀ ਨੇ ਸ਼ਤਰੂਘਨ ਸਿਨ੍ਹਾ ਨੂੰ ਚਲਾਕ ਇਨਸਾਨ ਦੱਸਦੇ ਹੋਏ ਉਨ੍ਹਾਂ ‘ਤੇ ਪਿਛਲੇ ਪੰਜ ਸਾਲਾਂ ‘ਚ ਭਾਜਪਾ ਦੇ ਕਿਸੇ ਵੀ ਰੈਲੀ ‘ਚ ਸ਼ਾਮਲ ਨਾ ਹੋਣ ਦੇ ਇਲਜ਼ਾਮ ਵੀ ਲੱਗਾਏ ਹਨ। ਉਨ੍ਹਾਂ ਕਿਹਾ ਇਸ ‘ਤੇ ਪਾਰਟੀ ਉਨ੍ਹਾਂ ‘ਤੇ ਕਾਰਵਾਈ ਵੀ ਕਰ ਸਕਦੀ ਹੈ।

ਉੱਧਰ ਭਾਜਪਾ ਦੇ ਸੂਬਾ ਪ੍ਰਧਾਨ ਨਿੱਤਿਆਨੰਦ ਰਾਏ ਨੇ ਕਿਹਾ ਕਿ ਸਹੀ ਸਮਾਂ ਆਉਣ ‘ਤੇ ਸਹੀ ਫੈਸਲਾ ਲਿਆ ਜਾਵੇਗਾ। ਜਦਕਿ ਭਾਜਪਾ ਵਿਰੋਧੀ ਤ੍ਰਿਣਮੂਲ ਕਾਂਗਰਸ ਵੱਲੋਂ ਹੋਈ ਰੈਲੀ ‘ਚ ਸਿਨ੍ਹਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਕਿ ਭਾਜਪਾ ਉਨ੍ਹਾਂ ਨੂੰ ਬਾਹਰ ਕੱਢ ਦਵੇਗੀ।

ਰਾਫੇਲ ਮੁੱਦੇ ‘ਤੇ ਸ਼ਤਰੁਗਨ ਸਿਨ੍ਹਾ ਨੇ ਕਿਹਾ, “ਮੈਂ ਇਹ ਨਹੀਂ ਕਹਿ ਰਿਹਾ ਹੈ ਕਿ ਤੁਸੀਂ ਕਸੂਰਵਾਰ ਹੋ ਜਾਂ ਤੁਸੀਂ ਨਿਰਦੋਸ਼ ਹੋ। ਪਰ ਜਦੋਂ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਜਾ ਰਹੇ ਤਾਂ ਲੋਕ ਕਹਿਣਗੇ ਹੀ ਕਿ ਚੌਕੀਦਾਰ ਚੋਰ ਹੈ।”