ਚੰਡੀਗੜ੍ਹ: ਦੇਸ਼ ਦੇ ਉੱਪਰਲੇ ਪਹਾੜੀ ਖੇਤਰਾਂ ਵਿੱਚ ਹੋ ਰਹੀ ਬਰਫ਼ਬਾਰੀ ਦੌਰਾਨ ਉੱਤਰਾਖੰਡ ਵਿੱਚ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ। ਸੂਬੇ ਵਿੱਚ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੇ ਗੁਰਦੁਆਰਾ ਗੋਬਿੰਦਧਾਮ ਵਿਖੇ ਵੀ ਭਾਰੀ ਬਰਫਬਾਰੀ ਦਰਜ ਕੀਤੀ ਗਈ ਹੈ। ਅੰਦਾਜ਼ੇ ਮੁਤਾਬਕ ਗੁਰਦੁਆਰਾ ਹੇਮਕੁੰਟ ਸਾਹਿਬ ਵਿਖੇ ਚਾਰ ਤੋਂ ਪੰਜ ਫੁੱਟ ਤਕ ਬਰਫ਼ ਅਤੇ ਗੁਰਦੁਆਰਾ ਗੋਬਿੰਦਧਾਮ ਵਿਖੇ ਢਾਈ ਫੁੱਟ ਤਕ ਬਰਫ਼ ਇਕੱਠੀ ਹੋ ਗਈ ਹੈ।
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਟਰਸੱਟ ਹੇਠ ਆਉਂਦੇ ਗੁਰਦੁਆਰਾ ਗੋਬਿੰਦਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਮੌਸਮ ਵਿੱਚ ਖ਼ਰਾਬੀ ਚਲ ਰਹੀ ਹੈ, ਜਿਸ ਕਾਰਨ ਉਪਰਲੇ ਪਹਾੜੀ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ ਹੋਈ ਹੈ। ਉਨ੍ਹਾਂ ਦਸਿਆ ਕਿ ਗੁਰਦੁਆਰਾ ਗੋਬਿੰਦਧਾਮ ਤੋਂ ਗੁਰਦੁਆਰਾ ਹੇਮਕੁੰਟ ਸਾਹਿਬ ਤਕ ਛੇ ਕਿਲੋਮੀਟਰ ਰਸਤੇ ਵਾਲਾ ਇਲਾਕਾ ਬਰਫ ਪੈਣ ਨਾਲ ਚਿੱਟੀ ਚਾਦਰ ਵਾਂਗ ਢਕਿਆ ਗਿਆ ਹੈ। ਹਰ ਪਾਸੇ ਬਰਫ ਹੀ ਬਰਫ ਦਿਖਾਈ ਦਿੰਦੀ ਹੈ।
ਉਨ੍ਹਾਂ ਦਸਿਆ ਕਿ ਅਜਿਹੀ ਸਥਿਤੀ ਵਿੱਚ ਗੁਰਦੁਆਰਾ ਹੇਮਕੁੰਟ ਸਾਹਿਬ ਪੁੱਜਣਾ ਅਸੰਭਵ ਹੈ ਪਰ ਅਨੁਮਾਨ ਹੈ ਕਿ ਉਥੇ ਵੀ ਚਾਰ ਤੋਂ ਪੰਜ ਫੁਟ ਤਕ ਬਰਫ ਪੈ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰੇ ਤੋਂ ਦੋ ਕਿਲੋਮੀਟਰ ਹੇਠਾਂ ਰਾਮ ਡੂੰਘੀ ਗਲੇਸ਼ੀਅਰ ਤਕ ਦੋ ਦੋ ਫੁਟ ਬਰਫ ਪੈ ਗਈ ਹੈ। ਜਦੋਂਕਿ ਗੁਰਦੁਆਰਾ ਗੋਬਿੰਦਘਾਟ ਵਿਖੇ ਵੀ ਪਈ ਬਰਫ਼ ਪਿਘਲਣ ਮਗਰੋਂ ਸਥਿਤੀ ਆਮ ਵਾਂਗ ਹੈ।
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਅਕਤੂਬਰ ਮਹੀਨੇ 'ਚ ਸਾਲਾਨਾ ਯਾਤਰਾ ਦੀ ਸਮਾਪਤੀ ਮਗਰੋਂ ਕਿਵਾੜ ਬੰਦ ਕਰ ਦਿੱਤੇ ਗਏ ਸਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੁਖ ਆਸਨ ਵਾਲੇ ਸਥਾਨ ’ਤੇ ਸੁਸ਼ੋਭਿਤ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਮਗਰੋਂ ਨਵੰਬਰ ਤੇ ਦਸੰਬਰ ਮਹੀਨੇ ਵਿੱਚ ਗੁਰਦੁਆਰਾ ਗੋਬਿੰਦਧਾਮ ਦੇ ਕਿਵਾੜ ਵੀ ਬੰਦ ਕਰ ਦਿੱਤੇ ਗਏ ਸਨ। ਹੁਣ ਦੋਵਾਂ ਥਾਵਾਂ ‘ਤੇ ਪ੍ਰਕਾਸ਼ ਨਹੀਂ ਹੈ ਜਦੋਂਕਿ ਗੁਰਦੁਆਰਾ ਗੋਬਿੰਦਘਾਟ ਵਿਖੇ ਨਿਰੰਤਰ ਪ੍ਰਕਾਸ਼ ਕੀਤਾ ਜਾ ਰਿਹਾ ਹੈ। ਟਰਸੱਟ ਅਧਿਕਾਰੀ ਨੇ ਖੁਲਾਸਾ ਕੀਤਾ ਕਿ ਮੌਸਮ ਵਿਭਾਗ ਵੱਲੋਂ ਇਨ੍ਹਾਂ ਦਿਨਾਂ ਵਿੱਚ ਮੁੜ ਬਰਫਬਾਰੀ ਹੋਣ ਅਤੇ ਮੌਸਮ ਖ਼ਰਾਬ ਰਹਿਣ ਬਾਰੇ ਸੂਚਨਾ ਦਿੱਤੀ ਗਈ ਹੈ।