ਚੰਡੀਗੜ੍ਹ: ਲੋਕ ਸਭਾ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਸੱਤਾ 'ਚ ਆਉਣ ਤੋਂ ਬਾਅਦ ਬੀਜੇਪੀ ਦੇ ਹੌਸਲੇ ਬੁਲੰਦ ਹੋ ਗਏ ਹਨ। ਚਰਚਾ ਹੈ ਕਿ ਪੰਜਾਬ ਵਿੱਚ ਅਗਲੀਆਂ ਵਿਧਾਨ ਸਭਾ ਚੋਣਾਂ ਬੀਜੇਪੀ ਇਕੱਲਿਆਂ ਲੜ ਸਕਦੀ ਹੈ। ਚੰਡੀਗੜ੍ਹ 'ਚ ਪਾਰਟੀ ਦੀ ਬੈਠਕ ਤੋਂ ਬਾਅਦ ਮੰਗਲਵਾਰ ਨੂੰ ਬੀਜੇਪੀ ਨੇ ਇਹ ਸੰਕੇਤ ਦਿੱਤਾ ਹੈ। ਬੀਜੇਪੀ ਸੂਤਰਾਂ ਮੁਤਾਬਕ ਮੀਟਿੰਗ ਵਿੱਚ ਮਿਸ਼ਨ 2022 ਬਾਰੇ ਚਰਚਾ ਕੀਤੀ ਗਈ। ਇਸ ਦੌਰਾਨ, ਇਹ ਫੈਸਲਾ ਕੀਤਾ ਗਿਆ ਕਿ ਬੀਜੇਪੀ ਸਾਰੀਆਂ 117 ਸੀਟਾਂ 'ਤੇ ਬੂਥ ਪੱਧਰ ਤਕ ਤਿਆਰੀਆਂ ਕਰੇ। ਬੀਜੇਪੀ ਦੇ ਇੱਕ ਹਿੱਸੇ ਦਾ ਵਿਚਾਰ ਹੈ ਕਿ ਉਹ ਸੂਬੇ ਵਿੱਚ 85 ਸੀਟਾਂ ਜਿੱਤ ਕੇ ਸਰਕਾਰ ਬਣਾ ਸਕਦੇ ਹਨ।
ਦਰਅਸਲ, ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪਾਰਟੀ ਦੇ ਸਾਬਕਾ ਸੂਬਾਈ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਸੀ ਕਿ ਬੀਜੇਪੀ ਪੂਰੇ ਪੰਜਾਬ ਦੀ ਪਾਰਟੀ ਬਣ ਗਈ ਹੈ। ਉਹ ਕੁਝ ਹੀ ਖੇਤਰਾਂ ਵਿੱਚ ਸੀਮਤ ਨਹੀਂ ਹਨ। ਉਨ੍ਹਾਂ ਦੇ ਵਰਕਰ ਚੋਣਾਂ ਲੜਨ ਲਈ ਵਧੇਰੇ ਸੀਟਾਂ ਚਾਹੁੰਦੇ ਹਨ। ਅਜਿਹੀ ਸਥਿਤੀ ਵਿੱਚ ਸੀਟਾਂ ਦੀ ਵੰਡ ਲਈ ਗੱਠਜੋੜ ਦੀਆਂ ਸ਼ਰਤਾਂ ਵਿੱਚ ਫੇਰਬਦਲ ਕਰਨੇ ਚਾਹੀਦੇ ਹਨ।
ਮੰਗਲਵਾਰ ਨੂੰ ਬੀਜੇਪੀ ਦੇ ਸੂਬਾਈ ਪ੍ਰਧਾਨ ਸ਼ਵੇਤ ਮਲਿਕ ਦੀ ਪ੍ਰਧਾਨਗੀ ਹੇਠ ਬੀਜੇਪੀ ਦੇ ਜ਼ਿਲ੍ਹਾ ਅਹੁਦੇਦਾਰਾਂ ਦੀ ਮੀਟਿੰਗ ਬੁਲਾਈ ਗਈ ਸੀ ਜਿਸ ਨੂੰ 'ਮਿਸ਼ਨ-2022' ਦਾ ਨਾਂ ਦਿੱਤਾ ਗਿਆ ਸੀ। ਇਸ ਵਿੱਚ ਬੀਜੇਪੀ ਵਰਕਰਾਂ ਨੇ 2022 ਵਿੱਚ ਇਕੱਲੇ ਵਿਧਾਨ ਸਭਾ ਚੋਣਾਂ ਲੜਨ ਦੀ ਮੰਗ ਕੀਤੀ ਹੈ। ਮੀਟਿੰਗ ਤੋਂ ਬਾਅਦ ਸੂਬੇ ਦੇ ਉਪ ਪ੍ਰਧਾਨ ਸੁਖਵੰਤ ਸਿੰਘ ਧਨੌਲਾ ਨੇ ਕਿਹਾ ਕਿ ਉਨ੍ਹਾਂ ਨੂੰ ਸਾਰੀਆਂ 117 ਸੀਟਾਂ ਲਈ ਹਰੇਕ ਬੂਥ ਪੱਧਰ 'ਤੇ ਚੋਣਾਂ ਲੜਨ ਦੀ ਤਿਆਰੀ ਕਰਨੀ ਹੈ।
ਉਂਝ ਬੀਜੇਪੀ ਦੇ ਸੂਬਾਈ ਪ੍ਰਧਾਨ ਸ਼ਵੇਤ ਮਲਿਕ ਨੇ ਇਸ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਬੀਜੇਪੀ ਦੀ ਸਾਰੀਆਂ ਪਾਰਟੀਆਂ ਨਾਲੋਂ ਵਧੀਆ ਕਾਰਗੁਜ਼ਾਰੀ ਰਹੀ ਹੈ। ਹੁਣ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੇ ਕੰਮਾਂ ਨੂੰ ਹੇਠਲੇ ਪੱਧਰ ਤੱਕ ਲੈ ਕੇ ਜਾਣਾ ਹੈ। ਇਹ ਵੀ ਚਰਚਾ ਹੈ ਕਿ ਦੇਸ਼ ਵਿੱਚ ਦੋ ਵਾਰ ਮੋਦੀ ਲਹਿਰ ਦੇ ਬਾਵਜੂਦ ਪੰਜਾਬ ਵਿੱਚ ਉਲਟਾ ਰੁਖ ਰਹਿਣ ਕਰਕੇ ਬੀਜੇਪੀ ਦੀ ਨਗ੍ਹਾ ਪੰਜਾਬ ਉੱਤੇ ਹੈ। ਇਸ ਲਈ ਬੀਜੇਪੀ ਦਾ ਅਗਲਾ ਨਿਸ਼ਾਨਾ ਪੰਜਾਬ ਹੈ। ਇਸ ਨਿਸ਼ਾਨੇ ਨੂੰ ਹਾਸਲ ਕਰਨ ਲਈ ਅਕਾਲੀ ਦਲ ਨਾਲੋਂ ਤੋੜ-ਵਿਛੋੜਾ ਜ਼ਰੂਰੀ ਹੈ।
ਦੇਸ਼ 'ਚ ਹੂੰਝਾ ਫੇਰਨ ਮਗਰੋਂ ਹੁਣ ਅਕਾਲੀ ਦਲ ਨੂੰ ਝਟਕਾ ਦੇਵੇਗੀ ਬੀਜੇਪੀ?
ਏਬੀਪੀ ਸਾਂਝਾ
Updated at:
05 Jun 2019 12:23 PM (IST)
ਬੀਜੇਪੀ ਸੂਤਰਾਂ ਮੁਤਾਬਕ ਮੀਟਿੰਗ ਵਿੱਚ ਮਿਸ਼ਨ 2022 ਬਾਰੇ ਚਰਚਾ ਕੀਤੀ ਗਈ। ਇਸ ਦੌਰਾਨ, ਇਹ ਫੈਸਲਾ ਕੀਤਾ ਗਿਆ ਕਿ ਬੀਜੇਪੀ ਸਾਰੀਆਂ 117 ਸੀਟਾਂ 'ਤੇ ਬੂਥ ਪੱਧਰ ਤਕ ਤਿਆਰੀਆਂ ਕਰੇ। ਬੀਜੇਪੀ ਦੇ ਇੱਕ ਹਿੱਸੇ ਦਾ ਵਿਚਾਰ ਹੈ ਕਿ ਉਹ ਸੂਬੇ ਵਿੱਚ 85 ਸੀਟਾਂ ਜਿੱਤ ਕੇ ਸਰਕਾਰ ਬਣਾ ਸਕਦੇ ਹਨ।
- - - - - - - - - Advertisement - - - - - - - - -