ਨਵੀਂ ਦਿੱਲੀ: ਦਿੱਲੀ ਦੇ ਸੀਮਾਪੁਰੀ ਵਿੱਚ ਤਾਇਨਾਤ ਦਿੱਲੀ ਟ੍ਰੈਫਿਕ ਪੁਲਿਸ ਦੇ ਇੱਕ ਜਵਾਨ ਦੀ ਰੋਂਦੇ ਹੋਇਆਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਜਵਾਨ ਨੇ ਆਪਣੇ ਸੀਨੀਅਰ ਅਧਿਕਾਰੀਆਂ 'ਤੇ ਉਸ ਨੂੰ ਪਰੇਸ਼ਾਨ ਕਰਨ ਦਾ ਇਲਜ਼ਾਮ ਲਾਇਆ ਹੈ। ਵੀਡੀਓ ਵਿੱਚ ਜਵਾਨ ਨੇ ਕਿਹਾ, "ਮੈਂ ਪਹਿਲਾਂ ਹੀ ਬਹੁਤ ਪਰੇਸ਼ਾਨ ਹਾਂ। ਮੇਰੇ ਡਿਊਟੀ 'ਤੇ ਹੋਣ ਦੇ ਬਾਵਜੂਦ ਮੇਰੇ ਸੀਨੀਅਰ ਅਧਿਕਾਰੀ ਮੈਨੂੰ ਗੈਰਹਾਜ਼ਰ ਦਿਖਾ ਰਹੇ ਹਨ, ਉਹ ਬਹੁਤ ਤਾਕਤਵਰ ਹਨ।"

ਇਸ ਵੀਡੀਓ 'ਤੇ ਪ੍ਰਤੀਕਿਰਿਆ ਦਿੰਦਿਆਂ, ਦਿੱਲੀ ਪੁਲਿਸ ਨੇ ਆਪਣੇ ਟਵਿੱਟਰ 'ਤੇ ਲਿਖਿਆ ਹੈ ਕਿ ਇਹ ਮਾਮਲਾ ਦਿੱਲੀ ਟ੍ਰੈਫਿਕ ਪੁਲਿਸ ਨੂੰ ਭੇਜਿਆ ਜਾ ਰਿਹਾ ਹੈ। ਜੁਆਇੰਟ ਪੁਲਿਸ ਕਮਿਸ਼ਨਰ (ਟਰੈਫਿਕ) ਦੇ ਜਗਦੀਸ਼ਨ ਨੇ ਕਿਹਾ ਕਿ ਮਾਮਲੇ ਸਬੰਧੀ ਏਸੀਪੀ ਪੱਧਰ ਦੇ ਅਧਿਕਾਰੀ ਹੇਠ ਅੰਦਰੂਨੀ ਜਾਂਚ ਸ਼ੁਰੂ ਕੀਤੀ ਗਈ ਹੈ।

ਜਵਾਨ ਨੇ ਇਹ ਵੀ ਦਾਅਵਾ ਕੀਤਾ ਕਿ ਜਿਨ੍ਹਾਂ ਨੇ ਉਸ ਨੂੰ ਪਰੇਸ਼ਾਨ ਕੀਤਾ, ਉਨ੍ਹਾਂ ਵਿਚ ਏਸੀਪੀ ਪੱਧਰ ਦੇ ਅਧਿਕਾਰੀ ਵੀ ਸ਼ਾਮਲ ਸਨ। ਹਾਲਾਂਕਿ ਉਨ੍ਹਾਂ ਕਿਹਾ ਕਿ ਇੱਕ ਸੀਨੀਅਰ ਅਧਿਕਾਰੀ ਨੇ ਉਨ੍ਹਾਂ ਦਾ ਸਮਰਥਨ ਕੀਤਾ ਹੈ। ਜਵਾਨ ਨੇ ਦਿੱਲੀ ਪੁਲਿਸ ਨੂੰ ਸੋਸ਼ਣ ਕਰਨ ਵਾਲੇ ਅਫ਼ਸਰਾਂ ਖਿਲਾਫ ਜ਼ਰੂਰੀ ਕਾਰਵਾਈ ਕਰਨ ਲਈ ਬੇਨਤੀ ਕੀਤੀ ਹੈ।