ਚੰਡੀਗੜ੍ਹ: ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਦੇ ਦਿਨ ਨਜ਼ਦੀਕ ਆ ਰਹੇ ਹਨ ਉਵੇਂ-ਉਵੇਂ ਰਾਮ ਮੰਦਰ ਦਾ ਮੁੱਦਾ ਹੋਰ ਭਖਦਾ ਜਾ ਰਿਹਾ ਹੈ। ਕੁੱਭ ਮੇਲੇ ਵਿੱਚ ਇੱਕ ਵਾਰ ਫਿਰ ਰਾਮ ਮੰਦਰ ਸਬੰਧੀ ਵੱਡਾ ਬਿਆਨ ਸਾਹਮਣੇ ਆਇਆ ਹੈ। ਇਸ ਵਾਰ ਬੀਜੇਪੀ ਦੇ ਜਨਰਲ ਸਕੱਤਰ ਰਾਮ ਮਾਧਵ ਨੇ ਕਿਹਾ ਹੈ ਕਿ ਰਾਮ ਮੰਦਰ ਨਿਰਮਾਣ ’ਤੇ ਸਾਧੂਆਂ-ਸੰਤਾਂ ਦੀਆਂ ਇੱਛਾਵਾਂ ਦਾ ਸਨਮਾਨ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਜੋ ਸੰਤ ਸਮਾਜ ਕਹੇਗਾ, ਉਹੀ ਕੀਤਾ ਜਾਏਗਾ।


ਰਾਮ ਮਾਧਵ ਮੁਤਾਬਕ ਸੰਤਾਂ ਤੇ ਕਰੋੜਾਂ ਰਾਮ ਭਗਤਾਂ ਦੀ ਇੱਛਾ ਅੱਗੇ ਸਭ ਨੂੰ ਝੁਕਣਾ ਹੀ ਪਏਗਾ। ਸੰਗਤ ਦਰਸ਼ਨ ਤੇ ਆਰਤੀ ਬਾਅਦ ਮੇਲੇ ਵਿੱਚ ਪੁੱਜੇ ਰਾਮ ਮਾਧਵ ਨੇ ਕਿਹਾ ਕਿ ਸਰਕਾਰ ਸਿਰਫ ਅਦਾਲਤ ਦੇ ਫੈਸਲੇ ਦੀ ਉਡੀਕ ਕਰ ਰਹੀ ਹੈ। ਅਦਾਲਤ ਦੇ ਫੈਸਲੇ ਬਾਅਦ ਸਭ ਨੂੰ ਰਾਮ ਭਗਤਾਂ ਦੀ ਇੱਛਾ ਅੱਗੇ ਝੁਕਣਾ ਹੀ ਪਏਗਾ। ਯਾਦ ਰਹੇ ਕਿ ਅਦਾਲਤ ਦੇ ਪੰਜ ਜੱਜਾਂ ਦੀ ਬੈਂਚ 29 ਜਨਵਰੀ ਨੂੰ ਰਾਮ ਮੰਦਰ ਦੇ ਮੁੱਦੇ ’ਤੇ ਸੁਣਵਾਈ ਕਰੇਗੀ।

ਉਨ੍ਹਾਂ ਭਰੋਸਾ ਜਤਾਇਆ ਕਿ ਰਾਮ ਮੰਦਰ ਦੇ ਨਿਰਮਾਣ ਦਾ ਸੁਪਨਾ ਜਲਦ ਪੂਰਾ ਹੋਏਗਾ। ਉਨ੍ਹਾਂ ਦਾਅਵਾ ਕੀਤਾ ਕਿ ਮੰਦਰ ਦਾ ਨਿਰਮਾਣ ਜਲਦ ਸ਼ੁਰੂ ਹੋ ਜਾਏਗਾ ਤੇ ਇਸ ਦੇ ਲਈ ਕੋਈ ਨਾ ਕੋਈ ਰਾਹ ਜ਼ਰੂਰ ਨਿਕਲ ਆਏਗਾ। ਹਾਲਾਂਕਿ ਇਸ ਮੌਕੇ ਉਨ੍ਹਾਂ ਪ੍ਰਿਅੰਕਾ ਗਾਂਧੀ ਦੇ ਕਾਂਗਰਸ ਜਨਰਲ ਸਕੱਤਰ ਬਣਾਏ ਜਾਣ ਬਾਰੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।