ਲਖਨਊ: ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨਵਾਂ ਪ੍ਰਯੋਗ ਕਰਨ ਵਾਲੀ ਹੈ। ਪਾਰਟੀ ਸੂਤਰਾਂ ਮੁਤਾਬਕ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਪੂਰਬੀ ਤੇ ਪੱਛਮੀ ਉੱਤਰ ਪ੍ਰਦੇਸ਼ ਲਈ ਦੋ ਵੱਖ-ਵੱਖ ਸੂਬਾ ਪ੍ਰਧਾਨ ਨਿਯੁਕਤ ਕਰਨ ਦੀ ਤਿਆਰੀ ਵਿੱਚ ਹਨ। ਜਲਦ ਹੀ ਇਸ ਬਾਰੇ ਅਧਿਕਾਰਤ ਐਲਾਨ ਕੀਤਾ ਜਾ ਸਕਦਾ ਹੈ।


ਹਾਲ ਹੀ ਵਿੱਚ ਕਾਂਗਰਸ ਨੇ ਪ੍ਰਿਅੰਕਾ ਗਾਂਥੀ ਤੇ ਜਯੋਤੀਰਾਦਿਤਿਆ ਸਿੰਧੀਆ ਨੂੰ ਸੂਬੇ ਦਾ ਮੁੱਖ ਸਕੱਤਰ ਨਿਯੁਕਤ ਕੀਤਾ ਹੈ। ਯੂਪੀ ਵਿੱਚ ਸੰਗਠਨ ਨੂੰ ਮਜ਼ਬੂਤ ਕਰਨ ਲਈ ਰਾਹੁਲ ਨੇ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਪੂਰਬੀ ਤੇ ਸਿੰਧੀਆ ਨੂੰ ਪੱਛਮੀ ਯੂਪੀ ਦੀ ਕਮਾਨ ਸੰਭਾਈ ਹੈ। ਇਸੇ ਤਰ੍ਹਾਂ ਦੋ ਸੂਬਾ ਪ੍ਰਧਾਨ ਵੀ ਲਾਏ ਜਾਣਗੇ।

ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਸੂਬੇ ਦੇ ਇੱਕ ਪ੍ਰਧਾਨ ਨੂੰ ਦੋ ਵੱਖ-ਵੱਖ ਮੁੱਖ ਸਕੱਤਰਾਂ ਨਾਲ ਕੰਮ ਕਰਨ ਵਿੱਚ ਪ੍ਰੇਸ਼ਾਨੀ ਹੋਵੇਗੀ, ਇਸ ਲਈ ਦੋ ਵੱਖ-ਵੱਖ ਪ੍ਰਧਾਨ ਬਣਾਏ ਜਾਣਗੇ। ਇਸ ਲਿਹਾਜ਼ ਨਾਲ ਪੂਰਬੀ ਯੂਪੀ ਵਿੱਚ ਕਿਸੇ ਬ੍ਰਾਹਮਣ ਨੇਤਾ ਨੂੰ ਪ੍ਰਧਾਨ ਲਾਇਆ ਜਾ ਸਕਦਾ ਹੈ ਜਦਕਿ ਪੱਛਮੀ ਯੂਪੀ ਵਿੱਚ ਕਿਸੇ ਪਛੜੇ ਜਾਂ ਮੁਸਲਿਮ ਨੇਤਾ ਨੂੰ ਪ੍ਰਧਾਨ ਥਾਪਿਆ ਜਾ ਸਕਦਾ ਹੈ।