ਹਾਥਰਸ: ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਹਾਥਰਸ ਦੇ ਪਿੰਡ ਨਗਲਾ ਮਾਇਆ ਦੇ 50 ਨੌਜਵਾਨਾਂ ਨੇ ਆਪਣੇ ਪਿੰਡ ਵਿੱਚ ਪੇਅਜਲ ਉਪਲੱਬਧ ਕਰਵਾਉਣ ਵਾਸਤੇ ਪੈਸਿਆਂ ਦਾ ਬੰਦੋਬਸਤ ਕਰਨ ਲਈ ਖ਼ੁਦ ਨੂੰ ਨਿਲਾਮ ਕਰਨ ਦਾ ਫੈਸਲਾ ਲਿਆ ਹੈ। ਨਗਲਾ ਮਾਇਆ ਦੇ ਨਿਵਾਸੀ ਪਿੰਡ ਵਿੱਚ ਪੀਣ ਦੇ ਪਾਣੀ ਦੀ ਭਾਰੀ ਕਮੀ ਨਾਲ ਜੂਝ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਹੈ ਕਿ ਉਹ ਕਈ ਅਧਿਕਾਰੀਆਂ ਨਾਲ ਮਿਲ ਕੇ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਮੁੱਦਾ ਉਠਾ ਚੁੱਕੇ ਹਨ।

ਪੀਣ ਵਾਲੇ ਪਾਣੀ ਦੀ ਖਰਾਬ ਗੁਣਵੱਤਾ ਤੋਂ ਤੰਗ ਆ ਕੇ ਨੌਜਵਾਨਾਂ ਨੇ ਇੱਕ ਯੂਥ ਪਬਲਿਕ ਵੈਲਫੇਅਰ ਦਾ ਗਠਨ ਕੀਤਾ ਹੈ। ਨੌਜਵਾਨਾਂ ਨੇ ਕਿਹਾ ਹੈ ਕਿ ਉਹ ਆਪਣੇ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ ਖ਼ੁਦ ਨੂੰ ਨੀਲਾਮ ਕਰ ਦੇਣਗੇ। ਉੱਧਰ ਹਾਥਰਸ ਜ਼ਿਲ੍ਹਾ ਪ੍ਰਸ਼ਾਸਨ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਉਚਿਤ ਕਾਰਵਾਈ ਦਾ ਭਰੋਸਾ ਦਿੱਤਾ ਹੈ।

ਇਸ ਕਦਮ ਵਿੱਚ ਭਾਗ ਲੈਣ ਵਾਲੇ ਇੱਕ ਨੌਜਵਾਨ ਨੇ ਕਿਹਾ ਕਿ ਪ੍ਰਸ਼ਾਸਨ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਾ ਕਰਨ ਲਈ ਪੈਸਿਆਂ ਦੀ ਕਮੀ ਦਾ ਹਵਾਲਾ ਦਿੰਦਾ ਹੈ। ਇਸ ਲਈ ਉਨ੍ਹਾਂ ਪੈਸੇ ਜੁਟਾਉਣ ਲਈ ਗਣਤੰਤਰ ਦਿਵਸ ਮੌਕੇ ਖ਼ੁਦ ਨੂੰ ਨੀਲਾਮ ਕਰਨ ਦਾ ਫੈਸਲਾ ਲਿਆ। ਪ੍ਰਦਰਸ਼ਨਕਾਰੀਆਂ ਦਾਅਵਾ ਕੀਤਾ ਕਿ ਪੀਣ ਵਾਲੇ ਪਾਣੀ ਦੀ ਕਮੀ ਨਾਲ ਲੱਖਾਂ ਦੀ ਗਿਣਤੀ ਵਾਲੇ ਕਰੀਬ 60 ਪਿੰਡਾਂ ’ਤੇ ਅਸਰ ਪੈ ਰਿਹਾ ਹੈ।