ਲਖਨਊ: ਉੱਤਰ ਪ੍ਰਦੇਸ਼ ਵਿੱਚ ਚੱਲ ਰਹੇ ਕੁੰਭ ਮੇਲੇ ਵਿੱਚ ਤਾਇਨਾਤ ਪ੍ਰਯਾਗਰਾਜ ਪੁਲਿਸ ਅਧਿਕਾਰੀਆਂ ਨੇ ਇੱਕ ਸੀਰੀਅਲ ਕਿੱਲਰ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਕਲੁਆ ਪਟੇਲ ਉਰਫ ਸੁਭਾਸ਼ ਉਰਫ ਸਾਈਂ ਬਾਬਾ ਵਜੋਂ ਹੋਈ ਹੈ। ਇਸ 38 ਸਾਲਾ ਮੁਲਜ਼ਮ ਨੇ ਪਿਛਲੇ ਸਾਲ ਦੌਰਾਨ ਕਰੀਬ 10 ਕਤਲ ਕਰਨ ਦੀ ਗੱਲ ਕਬੂਲੀ ਹੈ।

ਮੁਲਜ਼ਮ ਲਾਲਾਪੁਰ ਇਲਾਕੇ ਦਾ ਰਹਿਣ ਵਾਲਾ ਹੈ। ਉਸ ਨੇ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਉਨ੍ਹਾਂ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਸੀ ਜੋ ਉਸ ਦੀ ਦਿੱਖ ਦਾ ਮਜ਼ਾਕ ਉਡਾਉਂਦੇ ਸੀ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ 10 ਜਣਿਆਂ ਦਾ ਕਤਲ ਕੀਤਾ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮਜ਼ਦੂਰ ਸੀ ਤੇ ਫੁੱਟਮਾਥ ’ਤੇ ਸੌਂ ਰਹੇ ਸੀ। ‘ਟਾਈਮਜ਼ ਆਫ ਇੰਡੀਆ’ ਦੀ ਖ਼ਬਰ ਮੁਤਾਬਕ ਪੁਲਿਸ ਨੇ ਉਸ ਕੋਲੋਂ ਖ਼ੂਨ ਨਾਲ ਲਥਪਥ ਕੁਹਾੜੀ ਵੀ ਬਰਾਮਦ ਕੀਤੀ ਹੈ।

ਇਸ ਮਾਮਲੇ ਸਬੰਧੀ ਐਸਐਸਪੀ ਅਲਾਹਾਬਾਦ ਨਿਤਿਨ ਤਿਵਾਰੀ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਪੁਲਿਸ ਨੂੰ ਪਿਛਲੇ ਕੁਝ ਸਮੇਂ ਤੋਂ ਇਸ ਮੁਲਜ਼ਮ ਦੀ ਭਾਲ ਸੀ। ਉਨ੍ਹਾਂ ਦੱਸਿਆ ਕਿ ਛੇ ਮਹੀਨੇ ਪਹਿਲਾਂ ਇਸ ਦੀ ਭਾਲ ਲਈ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਸੀ। ਇਸ ਦੇ ਤਹਿਤ ਕੁੰਭ ਵਿੱਚ ਜੌਇੰਟ ਟੀਮ ਵੀ ਤਇਨਾਤ ਕੀਤੀ ਗਈ ਸੀ। ਮੇਲੇ ਵਿੱਚ ਟੀਮ ਦੀ ਨਜ਼ਰ ਹਥੌੜੀ ਫੜੀ ਵਿਅਕਤੀ ’ਤੇ ਪਈ ਜੋ ਅਸਲ ਵਿੱਚ ਉਹੀ ਸੀਰੀਅਲ ਕਿੱਲਰ ਸੀ ਜਿਸ ਦੀ ਪੁਲਿਸ ਭਾਲ ਕਰ ਰਹੀ ਸੀ। ਪੁਲਿਸ ਮੁਤਾਬਕ ਇਹ ਵਿਅਕਤੀ ਮਾਨਸਿਕ ਰੋਗੀ ਦਿੱਸਦਾ ਹੈ।