ਨਵੀਂ ਦਿੱਲੀ: ਕਿਸਾਨ ਆਗੂਆ ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵਿਚਾਲੇ ਹੋਈ ਬੈਠਕ ਖ਼ਤਮ ਹੋ ਗਈ ਹੈ। ਇਸ ਦੌਰਾਨ ਕਿਸਾਨ ਜਥੇਬੰਦੀਆਂ ਤੇ ਸਰਕਾਰ ਵਿਚਾਲੇ ਸੱਤ ਮੰਗਾਂ 'ਤੇ ਸਹਿਮਤੀ ਬਣੀ ਹੈ। ਹੁਣ ਤਿੰਨ ਮੰਤਰੀ ਮੌਕੇ 'ਤੇ ਜਾ ਕੇ ਕਿਸਾਨਾਂ ਨਾਲ ਮੁਲਾਕਾਤ ਕਰਨਗੇ। ਕੇਂਦਰੀ ਮੰਤਰੀ ਗਜੇਂਦ੍ਰ ਸ਼ੇਖਾਵਤ, ਯੂਪੀ ਦੇ ਗੰਨਾ ਮੰਤਰੀ ਸੁਰੇਸ਼ ਰੈਨਾ ਤੇ ਮੰਤਰੀ ਲਕਸ਼ਮੀਨਾਰਾਇਨ ਚੌਧਰੀ ਇਸ ਦਾ ਐਲਾਨ ਕਰਨਗੇ। ਸੂਤਰਾਂ ਮੁਤਾਬਕ ਕਿਸਾਨ ਨੇਤਾ ਰਾਕੇਸ਼ ਟਿਕੈਤ ਨਾਲ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਫੋਨ 'ਤੇ ਗੱਲਬਾਤ ਕੀਤੀ ਹੈ।
ਕਿਸਾਨਾਂ ਤੇ ਲਾਠੀਚਾਰਜ ਦੀ ਚੁਫੇਰਿਉਂ ਨਿੰਦਾ:
ਕਿਸਾਨਾਂ ਤੇ ਕੀਤੇ ਜਾ ਰਹੇ ਅੱਤਿਆਚਾਰ ਦੀ ਚੁਫੇਰਿਉਂ ਨਿੰਦਾ ਹੋ ਰਹੀ ਹੈ। ਜੇਡੀਯੂ ਨੇਤਾ ਕੇਸੀ ਤਿਆਗੀ ਨੇ ਵੀ ਕਿਸਾਨਾਂ 'ਤੇ ਹੋਏ ਲਾਠੀਚਾਰਜ ਤੇ ਪੁਲਿਸ ਕਾਰਵਾਈ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜਘਾਟ ਜਾ ਰਹੇ ਕਿਸਾਨਾਂ ਨਾਲ ਜੋ ਵਤੀਰਾ ਕੀਤਾ ਗਿਆ ਅਸੀਂ ਉਸ ਦਾ ਵਿਰੋਧ ਕਰਦੇ ਹਾਂ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਕਿਸਾਨ ਅੰਦੋਲਨ ਮਾਮਲੇ 'ਚ ਬੀਜੇਪੀ 'ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਨੇ ਟਵੀਟ ਕੀਤਾ ਕਿ ਵਿਸ਼ਵ ਅਹਿੰਸਾ ਦਿਵਸ 'ਤੇ ਬੀਜੇਪੀ ਦਾ ਦੋ ਸਾਲਾ ਗਾਂਧੀ ਜਯੰਤੀ ਸਮਾਗਮ ਸ਼ਾਂਤੀਪੂਰਵਕ ਦਿੱਲੀ ਆ ਰਹੇ ਕਿਸਾਨਾਂ 'ਤੇ ਅੱਤਿਆਚਾਰ ਨਾਲ ਸ਼ੁਰੂ ਹੋਇਆ।
ਜ਼ਿਕਰਯੋਗ ਹੈ ਕਿ ਗਾਂਧੀ ਜਯੰਤੀ ਮੌਕੇ ਦਿੱਲੀ 'ਚ ਦੇਸ਼ ਦੇ ਕਿਸਾਨ ਤੇ ਜਵਾਨ ਆਹਮੋ-ਸਾਹਮਣੇ ਹਨ। ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਹਜ਼ਾਰਾਂ ਕਿਸਾਨ ਨੌਂ ਦਿਨ ਦੀ ਯਾਤਰਾ ਤੋਂ ਬਾਅਦ ਦਿੱਲੀ ਬਾਰਡਰ ਤੱਕ ਪਹੁੰਚੇ ਹਨ। ਕਿਸਾਨ ਰਾਜਘਾਟ ਤੱਕ ਮਾਰਚ ਕੱਢਣਾ ਚਾਹੁੰਦੇ ਹਨ ਪਰ ਪੁਲਿਸ ਨੇ ਉਨ੍ਹਾਂ ਨੂੰ ਰੋਕਿਆ ਹੋਇਆ ਹੈ। ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੌਰਾਨ ਕਈ ਕਿਸਾਨਾਂ ਦੇ ਸੱਟਾਂ ਵੀ ਲੱਗੀਆਂ ਹਨ।