ਚੰਡੀਗੜ੍ਹ: ਉਂਝ ਤਾਂ ਦੁਨੀਆ ਵਿੱਚ ਕਰੋੜਾਂ ਸੜਕਾਂ ਹਨ। ਕੁਝ ਸੜਕਾਂ ਇਤਿਹਾਸਕ ਵੀ ਹਨ, ਪਰ ਜੋ ਨਾਂ, ਪਛਾਣ ਤੇ ਮਕਬੂਲੀਅਤ ਸਿਲਕ ਰੋਡ ਨੂੰ ਮਿਲੀ, ਦੁਨੀਆ ਵਿੱਚ ਕਿਸੇ ਹੋਰ ਸੜਕ ਨੂੰ ਨਹੀਂ ਮਿਲੀ। ਦਰਅਸਲ ਇਹ ਉਹ ਸੜਕ ਸੀ ਜੋ ਪੂਰਬ ਨੂੰ ਪੱਛਮ ਨਾਲ ਜੋੜਦੀ ਸੀ। ਇਹ ਸਿਰਫ ਇੱਕ ਸੜਕ ਹੀ ਨਹੀਂ, ਬਲਕਿ ਸੱਭਿਆਚਾਰ ਦੇ ਆਦਾਨ-ਪ੍ਰਦਾਨ ਦਾ ਵੀ ਮਾਰਗ ਬਣੀ ਤੇ ਇਸ ਸੜਕ ਜ਼ਰੀਏ ਇਹ ਕੰਮ ਸਦੀਆਂ ਤਕ ਚੱਲਦਾ ਰਿਹਾ।
ਨਾਂ ਤੋਂ ਲੱਗਦਾ ਹੈ ਕਿ ਸ਼ਾਇਦ ਇਸ ਰੋਡ ਰਾਹੀਂ ਸਿਲਕ ਦਾ ਵਪਾਰ ਹੁੰਦਾ ਹੋਏਗਾ, ਪਰ ਅਜਿਹਾ ਕੁਝ ਵੀ ਨਹੀਂ। ਇਹ ਰੋਡ ਚੀਨ ਨੂੰ ਹੋਰ ਭਾਗਾਂ ਨਾਲ ਜੋੜਦੀ ਸੀ। ਇਸ ਮਾਰਗ ਰਾਹੀਂ ਸਭ ਤਰ੍ਹਾਂ ਦੀਆਂ ਚੀਜ਼ਾਂ ਦਾ ਵਪਾਰ ਹੁੰਦਾ ਸੀ। ਇਸ ਰੋਡ ਦਾ ਨਿਰਮਾਣ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਕੀਤਾ ਗਿਆ ਸੀ। ਇਸ ਰੋਡ ਜ਼ਰੀਏ ਅਨੇਕਾਂ ਦੇਸ਼ ਆਪਸ ਵਿੱਚ ਜੁੜ ਗਏ ਸੀ।
ਅਜਿਹਾ ਵੀ ਨਹੀਂ ਕਿ ਇਸ ਰੋਡ ਰਾਹੀਂ ਸਿਰਫ ਥਲ ਮਾਰਗ ਹੀ ਆਉਂਦੇ ਸੀ। ਇਸ ਲਾਂਘੇ ਜ਼ਰੀਏ ਜਲ ਤੇ ਥਲ, ਦੋਵੇਂ ਮਾਰਗਾਂ ਜ਼ਰੀਏ ਅਵਾਜਾਈ ਦੀ ਵਿਵਸਥਾ ਸੀ। ਇਹ ਪੂਰਬੀ ਏਸ਼ੀਆ, ਉੱਤਰ ਪੂਰਬੀ ਏਸ਼ੀਆ, ਪੂਰਬੀ ਅਫ਼ਰੀਕਾ, ਪੱਛਮੀ ਅਫ਼ਰੀਕਾ ਤੇ ਦੱਖਣੀ ਯੂਰਪ ਤਕ ਵਪਾਰ ਦੇ ਮਾਰਗ ਨੂੰ ਵਧਾਉਂਦਾ ਸੀ।
ਚੀਨ ਦੇ ਦੂਜੇ ਸ਼ਾਸਕ ਹਾਨ ਵੰਸ਼ (207 ਈਸਾ ਪੂਰਵ- 220 ਈਸਵੀ) ਦਾ ਸੀ। ਸਿਲਕ ਰੋਡ ਦੀ ਸ਼ੁਰੂਆਤ ਤੇ ਵਿਕਾਸ ਉਸ ਦੇ ਰਾਜਕਾਲ ਵਿੱਚ ਸਭ ਤੋਂ ਵੱਧ ਹੋਇਆ। ਇਹ ਵੀ ਕਿਹਾ ਜਾ ਸਕਦਾ ਹੈ ਕਿ ਹਾਨ ਵੰਸ਼ ਦੌਰਾਨ ਸਿਲਕ ਰੋਡ ਦਾ ਗੋਲਡਨ ਸਮਾਂ ਸੀ। ਸਿਲਕ ਰੋਡ ਰਾਹੀਂ ਉਸ ਸਮੇਂ ਨਾ ਸਿਰਫ ਵਪਾਰ ਤੇ ਸੱਭਿਆਚਾਰ ਦਾ ਆਦਾਨ-ਪ੍ਰਦਾਨ ਹੁੰਦਾ ਸੀ, ਬਲਕਿ ਇਹ ਫੌਜਾਂ ਦੇ ਇੱਕ ਥਾਂ ਤੋਂ ਦੂਜੀ ਥਾਂ ਜਾਣ ਦਾ ਵੀ ਸਭ ਤੋਂ ਵਧੀਆ ਮਾਰਗ ਸੀ। ਯਾਦ ਰਹੇ ਕਿ ਇਸੇ ਕਾਲ ਵਿੱਚ ‘ਦ ਗਰੇਟ ਵਾਲ ਆਫ ਚਾਈਨਾ’ ਦਾ ਨਿਰਮਾਣ ਹੋਇਆ ਸੀ।
ਚੀਨ ਤੇ ਭਾਰਤ ਦੇ ਸ਼ਕਤੀਸ਼ਾਲੀ ਰਾਜਵੰਸ਼ ਵੀ ਮੱਧ ਏਸ਼ੀਆ ਵਿੱਚ ਆਪਣੇ ਜਵਾਨ ਭੇਜ ਕੇ ਉੱਥੋਂ ਦੇ ਵਿਦਰੋਹੀ ਸ਼ਾਸਕਾਂ ਨੂੰ ਆਪਣੇ ਰਾਜ ਵਿੱਚ ਮਿਲਣ ’ਤੇ ਮਜਬੂਰ ਕਰ ਦਿੰਦੇ ਸੀ। ਸਿਲਕ ਰੋਡ ਜ਼ਰੀਏ ਭਾਰਤ ਵੱਲੋਂ ਅੰਤਮ ਫੌਜ ਦੀ ਟੁਕੜੀ ਉਦੋਂ ਭੇਜੀ ਗਈ ਸੀ ਜਿਸ ਸਮੇਂ ਹਾਨ ਵੰਸ਼ ਦੇ ਸ਼ਾਸਕਾਂ ਦੇ ਬੁਰੇ ਦਿਨ ਚੱਲ ਰਹੇ ਸੀ। ਉਨ੍ਹਾਂ ਨੂੰ ਬਚਾਉਣ ਲਈ ਭਾਰਤੀ ਸ਼ਾਸਕਾਂ ਨੇ ਪਹਿਲੀ ਸਦੀ ਏਡੀ ਵਿੱਚ ਸੈਨਿਕਾਂ ਦੀ ਟੁਕੜੀ ਭੇਜੀ ਸੀ।
ਸਿਲਕ ਰੋਡ ਦੇ ਰਾਹੀਂ ਚੀਨ ਦੇ ਸ਼ਾਸਕਾਂ ਨੇ 618-908 ਈਸਵੀ ਤਕ ਮੱਧ ਏਸ਼ੀਆ ਤੇ ਸਖ਼ਤੀ ਨਾਲ ਸ਼ਾਸਨ ਕੀਤਾ ਸੀ। ਉਸ ਸਮੇਂ ਤੋਂ ਚੀਨ, ਕੋਰੀਆ, ਜਾਪਾਨ, ਭਾਰਤ, ਇਰਾਨ, ਅਫਗਾਨਿਸਤਾਨ, ਯੂਰਪ ਤੇ ਅਰਬ ਵਿੱਚ ਸੱਭਿਆਚਾਰ ਦੇ ਵਿਕਾਸ ਵਿੱਚ ਸਿਲਕ ਰੋਡ ਨੇ ਅਹਿਮ ਭੂਮਿਕਾ ਨਿਭਾਈ ਹੈ।