ਨਵੀਂ ਦਿੱਲੀ: ਗੁਜਰਾਤ ਵਿੱਚ ਹਾਰਦਿਕ ਪਟੇਲ ਦਾ ਕਥਿਤ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਰਾਜ ਠਾਕਰੇ ਨੇ ਭਾਰਤੀ ਜਨਤਾ ਪਾਰਟੀ 'ਤੇ ਹਮਲਾ ਬੋਲਦਿਆਂ ਕਿਹਾ ਕਿ 2014 ਦੀਆਂ ਲੋਕ ਸਭਾ ਚੋਣਾਂ ਤੱਕ ਭਾਜਪਾ ਵਿਕਾਸ ਦਾ ਬਲੂ ਪ੍ਰਿੰਟ ਲਿਆਉਂਦੀ ਸੀ ਪਰ ਉਹ ਗੁਜਰਾਤ ਦੀਆਂ ਚੋਣਾਂ ਬਲੂ ਫਿਲਮ ਦਿਖਾ ਕੇ ਜਿੱਤਣਾ ਚਾਹੁੰਦੀ ਹੈ। ਭਾਜਪਾ ਨੇ ਹੁਣ ਲੋਕਾਂ ਦੇ ਨਿੱਜੀ ਜੀਵਨ ਵਿੱਚ ਵੀ ਦਖਲਅੰਦਾਜ਼ੀ ਸ਼ੁਰੂ ਕਰ ਦਿੱਤੀ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਤੇ ਪ੍ਰਧਾਨ ਮੰਤਰੀ ਮੋਦੀ 'ਤੇ ਜੰਮ ਕੇ ਹਮਲਾ ਬੋਲਦਿਆਂ ਰਾਜ ਠਾਕਰੇ ਨੇ ਕਿਹਾ ਕਿ ਜੇਕਰ ਤੁਸੀਂ ਸਿਰਫ ਗੁਜਰਾਤੀਆਂ ਲਈ ਰੇਲ ਗੱਡੀ ਚਲਾਉਣਾ ਚਾਹੁੰਦੇ ਹੋ ਤਾਂ ਸਾਨੂੰ ਕਦੇ ਵੀ ਮਨਜ਼ੂਰ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਬੁਲੇਟ ਟਰੇਨ ਭਾਵੇਂ ਸਿਰਫ ਗੁਜਰਾਤ ਲਈ ਹੈ ਪਰ ਇਸ ਦੇ ਕਰਜ਼ ਦਾ ਬੋਝ ਪੂਰੇ ਦੇਸ਼ 'ਤੇ ਪਵੇਗਾ। ਇਹ ਕਿਸੇ ਵੀ ਹੱਦ ਤੱਕ ਸਹੀ ਨਹੀਂ ਤੇ ਇਸ ਵਜ੍ਹਾ ਕਰਕੇ ਮਹਾਰਾਸ਼ਟਰ ਨਿਰਮਾਣ ਸੈਨਾ ਬੁਲੇਟ ਰੇਲ ਗੱਡੀ ਦੇ ਖਿਲਾਫ ਹੈ ਤੇ ਅਸੀਂ ਇਸ ਦਾ ਦਾ ਵਿਰੋਧ ਕਰ ਰਹੇ ਹਾਂ। ਮਹਾਰਾਸ਼ਟਰ ਦੇ ਠਾਣੇ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਰਾਜ ਠਾਕਰੇ ਨੇ ਯੋਗ ਦਿਵਸ ਤੇ ਸਵੱਛ ਭਾਰਤ ਅਭਿਆਨ ਦਾ ਜੰਮ ਕੇ ਮਜ਼ਾਕ ਉਡਾਇਆ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਅੱਜ ਬਲਾਤਕਾਰ, ਲੁੱਟਾਂ, ਫਰੇਬ ਤੇ ਜਾਤ, ਧਰਮ ਦੇ ਨਾਮ 'ਤੇ ਦੁਕਾਨ ਚੱਲ ਰਹੀ ਹੈ। ਪਹਿਲਾਂ ਸਿਰਫ ਮੁੱਲੇ ਤੇ ਮੌਲਵੀ ਫਤਵੇ ਜਾਰੀ ਕਰਦੇ ਸਨ, ਪਰ ਹੁਣ ਜੈਨ ਸਾਧਕ ਵੀ ਇਹ ਕਰ ਰਹੇ ਹਨ। ਪ੍ਰਧਾਨ ਮੰਤਰੀ ਇਸ ਸਭ 'ਤੇ ਰੋਕ ਲਾਉਣ ਦੀ ਥਾਂ ਯੋਗ ਕਰਨ ਵਿੱਚ ਰੁੱਝੇ ਹੋਏ ਹਨ। ਪੀ.ਐਮ. ਦੇ ਆਪਣੇ ਲੋਕ ਸਭਾ ਖੇਤਰ ਵਿੱਚ ਪੈਂਦੀ ਗੰਗਾ ਵਿੱਚ ਲਾਸ਼ਾਂ ਤੈਰ ਰਹੀਆਂ ਹਨ। ਇਸ ਤਰ੍ਹਾਂ ਕਿਵੇਂ ਬਣੇਗਾ ਸਵੱਛ ਭਾਰਤ? ਪ੍ਰਧਾਨ ਮੰਤਰੀ ਸਿਰਫ ਗੁਜਰਾਤ ਦੇ ਪ੍ਰਧਾਨ ਮੰਤਰੀ ਦੀ ਤਰ੍ਹਾਂ ਪੇਸ਼ ਆ ਰਹੇ ਹਨ। ਠਾਕਰੇ ਨੇ ਕਿਹਾ ਕਿ ਭਾਜਪਾ ਸੋਸ਼ਲ ਮੀਡੀਆ 'ਤੇ ਗ਼ਲਤ ਪ੍ਰਚਾਰ ਕਰ ਰਹੀ ਹੈ। ਭਾਜਪਾ ਵੱਲੋਂ ਸੋਸ਼ਲ ਮੀਡੀਆ ਤੇ ਰਾਹੁਲ ਗਾਂਧੀ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਪਰ ਰਾਹੁਲ ਗਾਂਧੀ ਨੇ ਪੀ.ਐਮ ਮੋਦੀ ਸਮੇਤ ਤਮਾਮ ਭਾਜਪਾ ਨੇਤਾਵਾਂ ਦੇ ਨੱਕ ਵਿੱਚ ਦਮ ਕਰ ਕੇ ਰੱਖਿਆ ਹੋਇਆ ਹੈ। ਇਸੇ ਕਰਕੇ ਹੁਣ ਭਾਜਪਾ ਨੂੰ ਕੁਝ ਵੀ ਨਹੀਂ ਸੁੱਝ ਰਿਹਾ।ਤੁਹਾਨੂੰ ਦੱਸ ਦਈਏ ਕਿ ਭਾਜਪਾ ਨੇ ਗੁਜਰਾਤ ਚੋਣਾਂ ਦੌਰਾਨ ਰਾਹੁਲ ਗਾਂਧੀ ਦਾ ਮਜ਼ਾਕ ਉਡਾਉਂਦਿਆਂ ਪੱਪੂ ਸ਼ਬਦ ਦਾ ਇਸਤੇਮਾਲ ਕੀਤਾ ਤੇ ਪੋਸਟਰ ਜਾਰੀ ਕੀਤਾ, ਜਿਸ ਤੇ ਚੋਣ ਕਮਿਸ਼ਨ ਨੇ ਇਤਰਾਜ਼ ਜਤਾਉਂਦਿਆਂ ਹੋਈਆਂ ਪੱਪੂ ਸ਼ਬਦ ਇਸਤੇਮਾਲ ਕਰਨ ਤੇ ਰੋਕ ਲਗਾ ਦਿੱਤੀ ਸੀ।