ਜੈਪੁਰ: ਜੈਪੁਰ 'ਚ ਚੱਲ ਰਹੇ ਅਧਿਆਤਮਕ ਮੇਲੇ 'ਚ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦੇ ਮੈਂਬਰਾਂ ਵੱਲੋਂ ਵਿਵਾਦਤ ਲਵ ਜਿਹਾਦ ਦੀ ਕਿਤਾਬ ਵੰਡਣ ਦਾ ਮਾਮਲੇ ਸਾਹਮਣੇ ਆਇਆ ਹੈ। ਵੀਰਵਾਰ ਨੂੰ ਸ਼ੁਰੂ ਹੋਇਆ ਮੇਲਾ ਆਰਐਸਐਸ ਨਾਲ ਜੁੜਿਆ ਹਿੰਦੂ ਅਧਿਆਤਮ ਤੇ ਸੇਵਾ ਫਾਉਂਡੇਸ਼ਨ ਕਰਵਾ ਰਿਹਾ ਹੈ। ਇਸ ਕਿਤਾਬ ਰਾਹੀਂ ਮੁਸਲਿਮ ਵਿਰੋਧੀ ਤੱਥਾਂ ਨੂੰ ਪੇਸ਼ ਕੀਤਾ ਜਾ ਰਿਹਾ ਹੈ।

ਪੰਜ ਰੁਪਏ 'ਚ ਵੇਚੀ ਜਾ ਰਹੀ ਇਹ ਕਿਤਾਬ ਲਵ ਜਿਹਾਦ ਦੇ ਖਿਲਾਫ ਮੁਹਿੰਮ ਚਲਾਉਂਦੇ ਹੋਏ ਹਿੰਦੂ ਪਰਿਵਾਰ ਦੀਆਂ ਔਰਤਾਂ ਨੂੰ ਮੁਸਲਮਾਨਾਂ ਨੂੰ ਅੱਤਵਾਦੀ, ਦੇਸ਼ਧ੍ਰੋਹੀ, ਪਾਕਿਸਤਾਨੀ ਸਮਰਥਕ ਤੇ ਤਸਕਰ ਸਮਝਣ ਦੀ ਸਲਾਹ ਦਿੱਤੀ ਗਈ ਹੈ। ਦੂਜੇ ਪਾਸੇ ਵੀਐਚਪੀ ਤੇ ਬਜਰੰਗ ਦਲ ਦੇ ਮੈਂਬਰਾਂ ਨੇ ਮੁਫਤ 'ਚ ਅਜਿਹੇ ਪਰਚੇ ਵੰਡੇ ਜਿਸ 'ਚ ਬਾਲੀਵੁਡ ਅਦਾਕਾਰਾ ਕਰੀਨਾ ਕਪੂਰ ਦੀ ਇਕ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਹੈ ਜਿਸ 'ਚ ਉਸ ਦੇ ਅੱਧੇ ਚਿਹਰੇ ਨੂੰ ਨਕਾਬ ਨਾਲ ਢੱਕਿਆ ਵਿਖਾਇਆ ਗਿਆ ਹੈ।

ਪਰਚੇ 'ਚ ਲਿਖਿਆ ਗਿਆ ਹੈ ਕਿ ਮੁਸਲਿਮ ਹਜ਼ਾਰਾਂ ਸਾਲਾਂ ਤੋਂ ਹਿੰਦੂ ਔਰਤਾਂ ਦਾ ਲਵ ਜਿਹਾਦ ਰਾਹੀਂ ਧਰਮ ਬਦਲ ਰਹੇ ਹਨ। ਇਸ 'ਚ ਬਾਲੀਵੁੱਡ ਐਕਟਰ ਸੈਫ ਅਲੀ ਖਾਨ ਤੇ ਆਮਿਰ ਖਾਨ ਬਾਰੇ ਦੱਸਿਆ ਗਿਆ ਹੈ ਕਿ ਕਿਵੇਂ ਉਹ ਆਪਣੀਆਂ ਪਤਨੀਆਂ ਨੂੰ ਇਸ ਖੇਡ 'ਚ ਫਸਾ ਰਹੇ ਹਨ। ਉਧਰ, ਮੇਲਾ ਕਰਵਾਉਣ ਵਾਲੇ ਇਸ ਗੱਲ ਤੋਂ ਇਨਕਾਰ ਕਰ ਰਹੇ ਹਨ। ਜਥੇਬੰਦੀ ਦੇ ਜਨਰਲ ਸੈਕਟਰੀ ਰਾਜੇਂਦਰ ਸਿੰਘ ਸ਼ੇਖਾਵਤ ਦਾ ਕਹਿਣਾ ਹੈ ਕਿ ਇਹ ਇੱਕ ਅਧਿਆਤਮਕ ਮੇਲਾ ਹੈ ਤੇ ਅਸੀਂ ਲਵ ਜਿਹਾਦ 'ਤੇ ਕਿਸੇ ਲਿਟਰੇਚਰ ਨੂੰ ਨਹੀਂ ਵੇਚ ਰਹੇ।