ਬੀਜਿੰਗ: ਮਿਸ ਵਰਲਡ ਪ੍ਰਤੀਯੋਗਿਤਾ ਵਿੱਚ ਆਖ਼ਰੀ ਪੰਜਾਂ ਵਿੱਚ ਆਪਣੀ ਥਾਂ ਬਣਾਉਣ ਤੋਂ ਬਾਅਦ ਭਾਰਤੀ ਸੁੰਦਰੀ ਮਾਨੁਸ਼ੀ ਛਿੱਲਰ ਦੇ ਇੱਕ ਸਵਾਲ ਦਾ ਜਵਾਬ ਹੀ ਕੁਝ ਅਜਿਹਾ ਦਿੱਤਾ ਕਿ ਸਭ ਦੀਆਂ ਅੱਖਾਂ ਵਿੱਚੋਂ ਅੱਥਰੂ ਛਲਕ ਪਏ। ਇਸੇ ਜਵਾਬ ਸਦਕਾ ਹੀ ਉਸ ਸਿਰ ਮਿਸ ਵਰਲਡ ਦਾ ਤਾਜ ਸਜਾਇਆ ਗਿਆ।
ਜਵਾਬ ਜਿਸ ਨੇ ਮਾਨੁਸ਼ੀ ਨੂੰ ਬਣਾਇਆ ਵਿਸ਼ਵ ਸੁੰਦਰੀ-
ਮਾਨੁਸ਼ੀ ਨੂੰ ਸਵਾਲ ਕੀਤਾ ਗਿਆ ਸੀ ਕਿ ਉਸ ਮੁਤਾਬਕ ਕਿਹੜਾ ਕਿੱਤਾ ਸਭ ਤੋਂ ਵਧੇਰੇ ਤਨਖ਼ਾਹ ਦਿੱਤੀ ਜਾਣੀ ਚਾਹੀਦੀ ਹੈ? ਉਸ ਨੇ ਜਵਾਬ ਦਿੱਤਾ,"ਮੈਨੂੰ ਲਗਦਾ ਹੈ ਕਿ ਮਾਂ ਸਭ ਤੋਂ ਜ਼ਿਆਦਾ ਸਨਮਾਨ ਦੀ ਹੱਕਦਾਰ ਹੈ ਤੇ ਜਦੋਂ ਤੁਸੀਂ ਤਨਖ਼ਾਹ ਦੀ ਗੱਲ ਕਰਦੇ ਹੋ ਤਾਂ ਇਹ ਸਿਰਫ ਪੈਸਿਆਂ ਦੇ ਰੂਪ ਵਿੱਚ ਹੀ ਨਹੀਂ ਹੁੰਦੀ, ਬਲਕਿ ਮੇਰਾ ਮੰਨਣਾ ਹੈ ਕਿ ਇਹ ਪ੍ਰੇਮ ਤੇ ਸਨਮਾਨ ਹੈ ਜੋ ਤੁਸੀਂ ਕਿਸੇ ਨੂੰ ਦਿੰਦੇ ਹੋ। ਮੇਰੀ ਮਾਂ ਮੇਰੀ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਪ੍ਰੇਰਨਾ ਹੈ।"
ਮਾਨੁਸ਼ੀ ਨੇ ਕਿਹਾ ਕਿ ਸਾਰੀਆਂ ਮਾਵਾਂ ਆਪਣੇ ਬੱਚਿਆਂ ਲਈ ਬਹੁਤ ਤਿਆਗ ਕਰਦੀਆਂ ਹਨ, ਇਸ ਲਈ ਮੈਨੂੰ ਲਗਦਾ ਹੈ ਕਿ ਮਾਂ ਦਾ ਕੰਮ ਸਭ ਤੋਂ ਜ਼ਿਆਦਾ ਤਨਖ਼ਾਹ ਦਾ ਹੱਕਦਾਰ ਹੈ।
ਧੀਆਂ ਨੂੰ ਆਜ਼ਾਦ ਛੱਡ ਦੇਵੋ: ਮਾਨੁਸ਼ੀ
ਮਾਨੁਸ਼ੀ ਨੇ ਮੀਡੀਆ ਨੂੰ ਕਿਹਾ ਕਿ ਧੀਆਂ ਨੂੰ ਭਰੋਸੇ ਨਾਲ ਆਜ਼ਾਦ ਛੱਡ ਦੇਣਾ ਚਾਹੀਦਾ ਹੈ। ਧੀਆਂ ਵੀ ਘਰ ਪਰਿਵਾਰ ਦੇ ਨਾਲ ਨਾਲ ਸਮਾਜ ਦਾ ਨਾਂ ਰੌਸ਼ਨ ਕਰਨਗੀਆਂ। ਉਨ੍ਹਾਂ ਕਿਹਾ ਕਿ ਉਸ ਸਾਹਮਣੇ ਕਦੇ ਵੀ ਚੁਣੌਤੀ ਨਹੀਂ ਆਈ ਅਤੇ ਨਾ ਹੀ ਉਸ ਨੇ ਕਿਸੇ ਚੀਜ਼ ਨੂੰ ਚੁਣੌਤੀ ਮੰਨਿਆ ਹੈ।
ਕਿਵੇਂ ਜਿੱਤਿਆ ਮੁਕਾਬਲਾ-
ਜ਼ਿਕਰਯੋਗ ਹੈ ਕਿ ਹਰਿਆਣਾ ਦੇ ਜ਼ਿਲ੍ਹਾ ਝੱਜਰ ਦੀ ਮਾਨੁਸ਼ੀ ਛਿੱਲਰ ਸ਼ਨਿਚਰਵਾਰ ਨੂੰ ਮਿਸ ਵਰਲਡ 2017 ਚੁਣੀ ਗਈ ਹੈ। 17 ਸਾਲ ਬਾਅਦ ਕਿਸੇ ਭਾਰਤੀ ਸੁੰਦਰੀ ਸਿਰ ਇਹ ਤਾਜ ਸਜਿਆ ਹੈ। ਚੀਨ ਦੇ ਸਾਨਿਆ ਸਿਟੀ ਐਰੀਨਾ ਵਿੱਚ ਹੋਏ ਇਸ ਮੁਕਾਬਲੇ ਵਿੱਚ ਵੱਖ-ਵੱਖ ਮੁਲਕਾਂ ਦੀਆਂ 121 ਸੁੰਦਰੀਆਂ ਨੇ ਹਿੱਸਾ ਲਿਆ ਸੀ।
ਮਿਸ ਵਰਲਡ 2016 ਮੁਕਾਬਲੇ ਦੀ ਜੇਤੂ ਪੁਏਰਟੋ ਰਿਕੋ ਦੀ ਸਟੈਫਨੀ ਡੇਲ ਵੈਲੇ ਨੇ ਮਾਨੁਸ਼ੀ ਨੂੰ ਤਾਜ ਪਹਿਨਾਇਆ। ਇਸ ਸਾਲ ਮਈ ਵਿੱਚ ਉਸ ਨੇ ਮਿਸ ਇੰਡੀਆ ਵਰਲਡ ਖ਼ਿਤਾਬ ਜਿੱਤਿਆ ਸੀ। ਮਿਸ ਵਰਲਡ ਮੁਕਾਬਲੇ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਮਾਨੂਸ਼ੀ ਦੇ ਜਿੱਤਣ ਦਾ ਐਲਾਨ ਕੀਤਾ ਗਿਆ। ਮਾਨੁਸ਼ੀ ਇੰਗਲੈਂਡ, ਫਰਾਂਸ, ਕੀਨੀਆ, ਮੈਕਸਿਕੋ ਦੀਆਂ ਸੁੰਦਰੀਆਂ ਨਾਲ ਆਖ਼ਰੀ ਪੰਜਾਂ ਵਿੱਚ ਸ਼ਾਮਲ ਹੋਈ ਸੀ। ਇਸ ਮੁਕਾਬਲੇ ਵਿੱਚ ਦੂਜੇ ਸਥਾਨ ’ਤੇ ਮਿਸ ਇੰਗਲੈਂਡ ਸਟੈਫਨੀ ਹਿੱਲ ਅਤੇ ਤੀਜੇ ਸਥਾਨ ’ਤੇ ਮਿਸ ਮੈਕਸਿਕੋ ਆਂਦਰੀਆ ਮੇਜਾ ਰਹੀ।
ਮਾਨੁਸ਼ੀ ਛਿੱਲਰ ਦਾ ਪਿਛੋਕੜ-
7 ਮਈ 1997 ਨੂੰ ਜਨਮੀ ਮਾਨੁਸ਼ੀ ਸੋਨੀਪਤ ਦੇ ਜਾਗਸੀ ਪਿੰਡ ਦੀ ਦੋਹਤੀ ਹੈ ਅਤੇ ਖਾਨਪੁਰ ਕਲਾਂ ਪਿੰਡ ’ਚ ਪੈਂਦੇ ਮਹਿਲਾ ਮੈਡੀਕਲ ਕਾਲਜ ’ਚ ਡਾਕਟਰੀ ਦੀ ਪੜ੍ਹਾਈ ਕਰ ਰਹੀ ਹੈ। ਉਹ ਛੁੱਟੀਆਂ ਲੈ ਕੇ ਮਿਸ ਵਰਲਡ ਮੁਕਾਬਲੇ ’ਚ ਹਿੱਸਾ ਲੈਣ ਗਈ ਹੈ। ਉਸ ਦੀ ਜਿੱਤ ’ਤੇ ਦੋਵੇਂ ਪਿੰਡਾਂ ’ਚ ਜ਼ਬਰਦਸਤ ਖੁਸ਼ੀ ਮਨਾਈ ਗਈ। ਦੱਸ ਦੇਈਏ ਕਿ ਮਾਨੁਸ਼ੀ ਇਸ ਤੋਂ ਪਹਿਲਾਂ ਮਿਸ ਇੰਗਲੈਂਡ ਦੀ ਪਹਿਲੀ ਰਨਰਅੱਪ ਰਹੀ ਹੈ ਤੇ ਮਿਸ ਮੈਕਸਿਕੋ ਦੇ ਮੁਕਾਬਲੇ ਵਿੱਚ ਸੈਕੇਂਡ ਰਨਰਅੱਪ ਰਹਿ ਚੁੱਕੀ ਹੈ। ਮਾਨੁਸ਼ੀ ਬਾਲੀਵੁੱਡ ਸਟਾਰ ਅਦਾਕਾਰਾ ਦੇ ਸਾਬਕਾ ਵਿਸ਼ਵ ਸੁੰਦਰੀ ਪ੍ਰਿਅੰਕਾ ਚੋਪੜਾ ਵਾਂਗ ਬਣਨਾ ਚਾਹੁੰਦੀ ਹੈ।
ਭਾਰਤ ਦੀਆਂ ਵਿਸ਼ਵ ਸੁੰਦਰੀਆਂ ਦਾ ਇਤਿਹਾਸ-
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਭਾਰਤੀ ਸੁੰਦਰੀਆਂ ਨੇ ਹੁਣ ਤਕ ਕੁੱਲ 6 ਵਾਰ ਮਿਸ ਵਰਲਡ ਦਾ ਖਿਤਾਬ ਆਪਣੇ ਨਾਂਅ ਕੀਤਾ ਹੈ। ਇਨ੍ਹਾਂ ਵਿੱਚ ਰੀਤਾ ਫ਼ਰਿਆ (1966), ਐਸ਼ਵਰਿਆ ਰਾਏ (1994), ਡਾਇਨਾ ਹੇਡਨ (1997), ਪ੍ਰਿਅੰਕਾ ਚੋਪੜਾ (2000), ਮਾਨੁਸ਼ੀ ਛਿੱਲਰ (2017) ਦੇ ਨਾਂਅ ਸ਼ਾਮਲ ਹਨ।