ਵਾਸ਼ਿੰਗਟਨ: ਅਮਰੀਕਾ ਦੇ ਸਟੇਟ ਵਿਭਾਗ ਨੇ ਐਲਾਨ ਕੀਤਾ ਹੈ ਕਿ ਭਾਰਤ 'ਚ ਇਸ ਮਹੀਨੇ ਮਗਰੋਂ ਹੋਣ ਵਾਲੇ ਵਿਸ਼ਵ ਵਪਾਰਕ ਸੰਮੇਲਨ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਤੇ ਵਾਈਟ ਹਾਊਸ 'ਚ ਚੋਟੀ ਦੀ ਸਲਾਹਕਾਰ ਇਵਾਂਕਾ ਟਰੰਪ ਅਮਰੀਕੀ ਦਲ ਦੀ ਅਗਵਾਈ ਕਰੇਗੀ। ਭਾਰਤ ਤੇ ਅਮਰੀਕਾ ਦੀ ਸਾਂਝੀ ਮੇਜ਼ਬਾਨੀ 'ਚ ਕਰਵਾਇਆ ਜਾ ਰਿਹਾ ਇਹ ਸੰਮੇਲਨ ਹੈਦਰਾਬਾਦ 'ਚ ਹੋਵੇਗਾ ਤੇ ਇਸ ਵਿਚ 170 ਦੇਸ਼ਾਂ ਤੋਂ 1500 ਉਦਮੀ ਹਿੱਸਾ ਲੈਣਗੇ। 'ਮਹਿਲਾ ਪਹਿਲਾ, ਖੁਸ਼ਹਾਲੀ ਸਭ ਲਈ ' ਅਤੇ ਮਹਿਲਾ ਉਦਮੀਆਂ ਨੂੰ ਸਮਰਥਨ ਸਮੇਤ ਵਿਸ਼ਵ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਵਿਸ਼ਾ ਵਸਤੂ ਤਹਿਤ ਇਹ ਸੰਮੇਲਨ ਕਰਵਾਇਆ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਵਾਂਕਾ ਟਰੰਪ ਦੀ ਭਾਰਤ ਯਾਤਰਾ ਤੋਂ ਪਹਿਲਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਇਸ ਸਹਿਯੋਗ ਦਾ ਫਾਇਦਾ ਇਥੋਂ ਦੇ ਲੋਕਾਂ ਵਿਸ਼ੇਸ਼ ਕਰ ਕੇ ਯੋਗ ਅਤੇ ਨਵੇਂ ਉਦਯੋਗਪਤੀਆਂ ਨੂੰ ਹੋਵੇਗਾ। ਇਵਾਂਕਾ ਅਮਰੀਕੀ ਰਾਸ਼ਟਰਪਤੀ ਡੋਨਾਡਲ ਟਰੰਪ ਦੀ ਧੀ ਅਤੇ ਉਨ੍ਹਾਂ ਦੀ ਸਲਾਹਕਾਰ ਹੈ। ਉਨ੍ਹਾਂ ਟਵੀਟ ਕੀਤਾ ਹੈ ਕਿ, 'ਅਸੀਂ ਇਨ੍ਹਾਂ ਦਾ (ਇਵਾਂਕਾ ਟਰੰਪ) ਸੁਆਗਤ ਕਰਨ ਲਈ ਉਤਸੁਕ ਹਾਂ। ਭਾਰਤ ਅਤੇ ਅਮਰੀਕਾ ਵਿਚਕਾਰ ਕਰੀਬੀ ਆਰਥਿਕ ਸਹਿਯੋਗ ਸਾਡੇ ਲੋਕਾਂ ਅਤੇ ਵਿਸ਼ੇਸ਼ ਕਰ ਕੇ ਸਾਡੇ ਯੋਗ ਅਤੇ ਨਵੇਂ ਉਦਯੋਗਪਤੀਆਂ ਨੂੰ ਮਦਦ ਕਰੇਗਾ।''
ਇਸ ਤੋਂ ਪਹਿਲਾਂ ਇਵਾਂਕਾ ਨੇ ਟਵੀਟ ਕੀਤਾ ਸੀ ਕਿ ਉਹ 'ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਭਾਰਤ ਵਿਚ ਕਈ ਜ਼ਿਰਕਯੋਗ ਉਦਯੋਗਪਤੀਆਂ ਨੂੰ ਮਿਲਣ ਲਈ ਉਤਸ਼ਾਹਿਤ ਹੈ। ਇਹ ਪ੍ਰੋਗਰਾਮ ਜੀ. ਈ. ਐਸ 2017 ਸਿਰਫ 2 ਹਫਤੇ ਦੂਰ ਹੈ।' ਦੱਸਣਯੋਗ ਹੈ ਕਿ ਇਵਾਂਕਾ 28 ਤੋਂ 30 ਨਵੰਬਰ ਦਰਮਿਆਨ ਹੈਦਰਾਬਾਦ ਵਿਚ ਹੋਣ ਵਾਲੇ ਗਲੋਬਲ ਐਂਟਰਪ੍ਰਿਨਰਸ਼ਿਪ ਸੰਮੇਲਨ (ਜੀ. ਈ. ਐਸ) 2017 ਵਿਚ ਭਾਗ ਲਏਗੀ।