ਯੂਕੇ ਦੇ ਪਹਿਲੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਸੋਸ਼ਲ ਮੀਡੀਆ 'ਤੇ ਧਮਕੀਆਂ ਮਿਲੀਆਂ ਹਨ। ਧਮਕਾਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਨਾਂ ਨੂੰ ਕੇਵਲ ਸਿੱਖ ਮਸਲਿਆਂ ਬਾਰੇ ਗੱਲ ਕਰਨੀ ਚਾਹੀਦੀ ਹੈ। ਤਨਮਨਜੀਤ ਖਿਲਾਫ਼ ਇੰਗਲੈਂਡ ਦੇ ਸਿੱਖ ਨੌਜਵਾਨ ਨੂੰ ਪੰਜਾਬ ਵਿੱਚ ਗ੍ਰਿਫਤਾਰ ਕੀਤੇ ਜਾਣ ਵਾਲੇ ਮਸਲੇ ਨੂੰ ਨਜ਼ਰਅੰਦਾਜ਼ ਕਰਨ ਦਾ ਇਲਜ਼ਾਮ ਲਾਇਆ ਗਿਆ ਹੈ।



ਮੀਡੀਆ ਟ੍ਰੋਲਜ਼ ਮੁਤਾਬਕ ਢੇਸੀ ਨੂੰ ਭਾਰਤ ਸਰਕਾਰ ਤੋਂ ਸਕਾਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ 'ਤੇ ਪੰਜਾਬ ਪੁਲਿਸ ਵੱਲੋਂ ਕੀਤੇ ਤਸ਼ੱਦਦ ਬਾਰੇ ਭਾਰਤ ਸਰਕਾਰ ਤੋਂ ਪੁੱਛਣਾ ਚਾਹੀਦਾ ਹੈ। ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਦੀਆਂ ਧਮਕੀਆਂ ਨੂੰ ਮਿਲਣ ਤੋਂ ਬਾਅਦ ਤਨਮਨਜੀਤ ਢੇਸੀ ਨੇ ਉੱਥੇ ਹੀ ਇਸ ਦਾ ਪ੍ਰਤੀਕਰਮ ਵੀ ਦਿੱਤਾ ਹੈ।



ਢੇਸੀ ਨੇ ਸਾਫ ਕੀਤਾ ਹੈ ਕਿ ਉਹ ਵਾਰ-ਵਾਰ ਜੌਹਲ ਦੇ ਮੁੱਦੇ 'ਤੇ ਆਪਣਾ ਬਿਆਨ ਦੇ ਰਹੇ ਹਨ ਅਤੇ ਉਨਾਂ ਨੇ ਯੂ.ਕੇ. ਵਿੱਚ ਭਾਰਤੀ ਸਫ਼ੀਰ ਨੂੰ ਵੀ ਇਸ ਬਾਰੇ ਚਿੱਠੀ ਲਿਖੀ ਹੈ ਤੇ ਹੋਰ ਯਤਨ ਵੀ ਕਰ ਰਹੇ ਹਨ। ਉਨ੍ਹਾਂ ਫੇਸਬੁੱਕ 'ਤੇ ਲਿਖਿਆ ਹੈ, "ਮੈਂ ਵੱਖ-ਵੱਖ ਕੁਆਰਟਰਾਂ ਤੋਂ ਲਗਾਤਾਰ ਦੁਰਵਿਵਹਾਰ ਦਾ ਸਾਹਮਣਾ ਕਰਨ ਦੇ ਬਾਵਜੂਦ ਸੰਸਦ ਦੇ ਤੌਰ 'ਤੇ ਕੰਮ ਕਰਨ ਲਈ ਸਖ਼ਤ ਮਿਹਨਤ ਕਰ ਰਿਹਾ ਹਾਂ, ਮੈਂ ਸਿੱਖ ਹਾਂ, ਪਰ ਸਿਰਫ ਸਿੱਖਾਂ ਦਾ ਐਮ.ਪੀ. ਨਹੀਂ ਹਾਂ, ਮੈਂ ਆਪਣੇ ਇਲਾਕੇ 'ਚ ਰਹਿੰਦੇ ਹਰ ਭਾਈਚਾਰੇ ਦੇ ਵਿਅਕਤੀ ਦਾ ਸੰਸਦ ਵਿੱਚ ਪ੍ਰਤੀਨਿਧੀ ਹਾਂ, ਪਰ ਮੈਂ ਆਪਣੇ ਧਰਮ ਦੇ ਮੁੱਢਲੇ ਅਸੂਲਾਂ ਭਾਵ ਬਿਨਾਂ ਕਿਸੇ ਪਿਛੋਕੜ, ਰੰਗ ਜਾਂ ਸਿਧਾਂਤ ਦੀ ਪਰਵਾਹ ਕੀਤੇ ਬਿਨਾਂ ਹਰ ਕਿਸੇ ਦੀ ਭਲਾਈ ਲਈ ਕੰਮ ਕਰਨ ਵਾਸਤੇ ਬਚਨਵੱਧ ਹਾਂ, ਮੈਂ ਆਪਣੀ ਪ੍ਰਾਥਮਿਕਤਾ ਜਾਂ ਸੋਚਣ ਦੇ ਢੰਗ ਦੀ ਪਾਲਣਾ ਕਰਨ ਲਈ ਕਿਸੇ ਵੱਲੋਂ ਵੀ ਜਬਰਦਸਤੀ ਕੀਤੇ ਜਾਣ ਦੀ ਬਜਾਏ ਜੋ ਸਹੀ ਹੈ, ਉਹੀ ਕਰਾਂਗਾ।''



ਤਨਮਨਜੀਤ ਸਿੰਘ ਢੇਸੀ ਦੇ ਇਸ ਟਵੀਟ ਨੂੰ 800 ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ, 365 ਲੋਕਾਂ ਨੇ ਇਸ ਨੂੰ ਰੀਟਵੀਟ ਕੀਤਾ ਹੈ ਜਦਕਿ 200 ਦੇ ਕਰੀਬ ਲੋਕਾਂ ਨੇ ਬਾਰੇ ਪ੍ਰਤੀਕਿਰਿਆ ਦਿੱਤੀ ਹੈ ਜਿਨ੍ਹਾਂ 'ਚੋਂ ਬਹੁਤੇ ਲੋਕਾਂ ਨੇ ਢੇਸੀ ਦੇ ਹੱਕ ਵਿੱਚ ਹੀ ਲਿਖਿਆ ਹੈ।