ਸ਼ਾਹਜਹਾਂਪੁਰ: ਬੀਜੀਪੀ ਲੀਡਰ ਚਿਨਮਯਾਨੰਦ ’ਤੇ ਜਿਨਸੀ ਸੋਸ਼ਣ ਦੇ ਦੋਸ਼ ਲਾਉਣ ਵਾਲੀ ਕਾਨੂੰਨ ਦੀ ਵਿਦਿਆਰਥਣ ਨੇ ਵੱਡਾ ਖੁਲਾਸਾ ਕੀਤਾ ਹੈ। ਉਸ ਨੇ ਮੀਡੀਆ ਸਾਹਮਣੇ ਆਉਂਦਿਆਂ ਕਿਹਾ ਕਿ ਚਿਨਮਯਾਨੰਦ ਨੇ ਉਸ ਨਾਲ ਜਬਰ-ਜਨਾਹ ਕੀਤਾ ਸੀ। ਇਸ ਤੋਂ ਮਗਰੋਂ ਪਿਛਲੇ ਇੱਕ ਸਾਲ ਤੋਂ ਉਸ ਦਾ ਜਿਨਸੀ ਸ਼ੋਸ਼ਣ ਕਰ ਰਿਹਾ ਹੈ।

ਕਾਫੀ ਸਮਾਂ ਗਾਇਬ ਰਹੀ ਵਿਦਿਆਰਥਣ ਨੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਦਾਅਵਾ ਕੀਤਾ ਕਿ ਸ਼ਾਹਜਹਾਂਪੁਰ ਪੁਲਿਸ ਉਸ ਦੀ ਸ਼ਿਕਾਇਤ ਦੇ ਬਾਵਜੂਦ ਕੇਸ ਦਰਜ ਨਹੀਂ ਕਰ ਰਹੀ। ਪੁਲਿਸ ਉੱਪਰ ਸਿਆਸੀ ਦਬਾਅ ਹੈ। ਵਿਦਿਆਰਥਣ ਨੇ ਕਿਹਾ ਕਿ ਉਸ ਦੀ ਜਾਨ ਨੂੰ ਖਤਰਾ ਹੈ। ਇਸ ਲਈ ਹੀ ਉਹ ਗਾਇਬ ਹੋਈ ਸੀ।

ਵਿਦਿਆਰਥਣ ਨੇ ਕਿਹਾ, ‘ਸਵਾਮੀ ਚਿਨਮਯਾਨੰਦ ਨੇ ਮੇਰਾ ਬਲਾਤਕਾਰ ਕੀਤਾ ਤੇ ਇੱਕ ਸਾਲ ਤਕ ਮੇਰਾ ਜਿਨਸੀ ਸ਼ੋਸ਼ਣ ਕਰਦਾ ਰਿਹਾ।’ ਪੀੜਤਾ ਨੇ ਕਿਹਾ ਕਿ ਉਸ ਨੇ ਇਸ ਸਬੰਧੀ ਦਿੱਲੀ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਸੀ। ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸ਼ਿਕਾਇਤ ਅੱਗੇ ਯੂਪੀ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੂੰ ਭੇਜ ਦਿੱਤੀ ਗਈ ਹੈ।