ਨਾਗਪੁਰ: ਦੇਸ਼ ਵਿੱਚ ਇਸ ਵੇਲੇ ਧਰਮ ਦੇ ਨਾਂ 'ਤੇ ਨਫਰਤ ਦੀ ਸਿਆਸਤ ਸਿਖਰਾਂ 'ਤੇ ਹੈ। ਹਾਲਾਤ ਇਹ ਬਣ ਗਏ ਹਨ ਕਿ ਸਿਆਸੀ ਲੀਡਰ ਸਟੇਜਾਂ 'ਤੇ ਨਫਰਤ ਭਰੇ ਭਾਸ਼ਨਾਂ ਰਾਹੀਂ ਇੱਕ-ਦੂਜੇ ਨੂੰ ਲਲਕਾਰ ਰਹੇ ਹਨ। ਇਸ ਵੇਲੇ 15 ਕਰੋੜ ਮੁਸਲਮਾਨਾਂ ਤੇ 100 ਕਰੋੜ ਹਿੰਦੂਆਂ ਵਾਲੇ ਬਿਆਨ ਚਰਚਾ ਵਿੱਚ ਹਨ। ਹੁਣ ਬੀਜੇਪੀ ਲੀਡਰ ਨੇ ਤਿੱਖਾ ਬਿਆ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਗੁਜਰਾਤ ਵਿੱਚ ਕੀ ਹੋਇਆ ਸੀ।


ਦਰਅਸਲ ਏਆਈਐਮਆਈਐਮ ਦੇ ਲੀਡਰ ਵਾਰਿਸ ਪਠਾਣ ਨੇ ਕਿਹਾ ਹੈ ਕਿ 15 ਕਰੋੜ ਮੁਸਲਮਾਨ ਦੇਸ਼ ਦੇ 100 ਕਰੋੜ ਹਿੰਦੂਆਂ ਉੱਪਰ ਭਾਰੀ ਪੈਣਗੇ। ਇਸ ਮਗਰੋਂ ਬੀਜੇਪੀ ਲੀਡਰ ਵੀ ਸਟੇਜਾਂ 'ਤੇ ਵੰਗਾਰਨ ਲੱਗੇ ਹਨ। ਮਹਾਰਾਸ਼ਟਰ ਤੋਂ ਬੀਜੇਪੀ ਦੇ ਵਿਧਾਨ ਪਰਿਸ਼ਦ ਮੈਂਬਰ ਗਿਰੀਸ਼ ਵਿਆਸ ਨੇ ਕਿਹਾ ਕਿ ਉਸ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਗੁਜਰਾਤ ਵਿੱਚ ਕੀ ਹੋਇਆ ਸੀ।

ਵਿਆਸ ਨੇ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਇਸ ਮੁਲਕ ਦੇ ਨੌਜਵਾਨ ਤੇ ਦੇਸ਼-ਭਗਤ ਤੇ ਬੀਜੇਪੀ ਦਾ ਹਰੇਕ ਵਰਕਰ ਵਾਰਿਸ ਪਠਾਣ ਜਿਹੇ ਲੋਕਾਂ ਨੂੰ ਉਸ ਵੱਲੋਂ ਹੀ ਵਰਤੀ ਗਈ ਭਾਸ਼ਾ ਵਿੱਚ ਠੋਕਵਾਂ ਜਵਾਬ ਦੇਣ ਲਈ ਤਿਆਰ ਹਨ।’’ ਉਨ੍ਹਾਂ ਕਿਹਾ, ‘‘ਅਸੀਂ ਸਹਿਣਸ਼ੀਲ ਹਾਂ, ਪਰ ਇਸ ਦਾ ਅਰਥ ਇਹ ਨਹੀਂ ਕਿ ਅਸੀਂ ਇਨ੍ਹਾਂ ਨਾਲ ਨਜਿੱਠ ਨਹੀਂ ਸਕਦੇ। ਗੁਜਰਾਤ ਨੂੰ ਯਾਦ ਕਰੋ, ਜਿਹੜੀਆਂ ਘਟਨਾਵਾਂ ਕਾਲੂਪੁਰ ਵਿੱਚ ਵਾਪਰੀਆਂ ਸਨ। ਜੇਕਰ ਉਹ ਉਨ੍ਹਾਂ ਨੂੰ ਧਿਆਨ ਵਿੱਚ ਰੱਖਣ…ਤਾਂ ਮੈਨੂੰ ਲੱਗਦਾ ਹੈ ਕਿ ਉੱਥੇ ਰਹਿੰਦੇ ਮੁਸਲਮਾਨ ਅੱਜ ਮੁੜ ਸਿਰ ਚੁੱਕਣ ਦੀ ਹਿੰਮਤ ਨਹੀਂ ਕਰ ਸਕਦੇ।’’