ਲਖਨਊ: ਮੁਗਲਸਰਾਏ, ਇਲਾਹਾਬਾਦ, ਫੈਜ਼ਾਬਾਦ ਆਦਿ ਦੇ ਨਾਂ ਬਦਲਣ ਬਾਅਦ ਵੀ ਯੋਗੀ ਆਦਿੱਤਿਆਨਾਥ ਇਸ ਸਿਲਸਿਲਾ ਰੋਕਣ ਦਾ ਨਾਂ ਨਹੀਂ ਲੈ ਰਹੇ। ਕਿਆਸ ਲਾਏ ਜਾ ਰਹੇ ਹਨ ਕਿ ਯੂਪੀ ਦੇ ਬਹੁਤ ਸਾਰੇ ਸ਼ਹਿਰਾਂ ਦੇ ਨਾਂ ਬਦਲਣੇ ਬਾਕੀ ਹਨ। ਇਨ੍ਹਾਂ ਵਿੱਚ ਮਜ਼ੱਫਰਨਗਰ ਤੇ ਆਗਰਾ ਦਾ ਨਾਂ ਵੀ ਸ਼ਾਮਲ ਹੈ। ਦਰਅਸਲ, ਇਲਾਹਾਬਾਦ ਦਾ ਪ੍ਰਾਯਾਗਰਾਜ ਤੇ ਫੈਜ਼ਾਬਾਦ ਦਾ ਨਾਂ ਅਯੋਧਿਆ ਰੱਖਣ ਬਾਅਦ ਯੋਗੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕਈ ਸ਼ਹਿਰਾਂ ਦੇ ਨਾਂ ਬਦਲਣ ਦੀ ਕਵਾਇਦ ਤੇਜ਼ ਹੋ ਗਈ ਹੈ। ਤਾਜ਼ਾ ਮਾਮਲੇ ਵਿੱਚ ਬੀਜੇਪੀ ਵਿਧਾਇਕ ਜਗਨ ਪ੍ਰਸਾਦ ਗਰਗ ਨੇ ਆਗਰਾ ਸ਼ਹਿਰ ਦੇ ਨਾਂ ਬਦਲਣ ਦੀ ਮੰਗ ਕੀਤੀ ਹੈ।


ਦਰਅਸਲ, ਬੀਜੇਪੀ ਵਾਲੇ ਤਾਜ ਮਹਿਲ ਨੂੰ ਇੱਕ ਰਾਜਪੂਤ ਰਾਜਾ ਦਾ ਬਣਵਾਇਆ ਸ਼ਿਵਮੰਦਰ ਕਹਿੰਦੇ ਹਨ। ਇਸੇ ਸਬੰਧੀ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਆਗਰਾ ਦਾ ਨਾਂ ਬਦਲ ਕੇ ਅਗਰਵਾਲ ਕੀਤਾ ਜਾਏ ਕਿਉਂਕਿ ਇੱਥੇ ਅਗਰਵਾਲ ਭਾਈਚਾਰੇ ਦੇ ਲੋਕ ਜ਼ਿਆਦਾ ਗਿਣਤੀ ਵਿੱਚ ਰਹਿੰਦੇ ਹਨ। ਆਗਰਾ ਉੱਤਰੀ ਤੋਂ ਬੀਜੇਪੀ ਵਿਧਾਇਕ ਜਗਨ ਪ੍ਰਸਾਦ ਗਰਗ ਨੇ ਸੀਐਮ ਯੋਗੀ ਨੂੰ ਚਿੱਠੀ ਲਿਖ ਕੇ ਇਹ ਮੰਗ ਕੀਤੀ ਹੈ। ਵਿਧਾਇਕ ਗਰਗ ਦਾ ਤਰਕ ਹੈ ਕਿ ਆਗਰਾ ਦਾ ਕੋਈ ਮਹੱਤਵ ਨਹੀਂ ਹੈ। ਪਹਿਲਾਂ ਇੱਥੇ ਬਹੁਤ ਰੁੱਖ਼ ਸਨ। ਅਗਰਵਾਲਾਂ ਦਾ ਨਿਵਾਸ ਸੀ ਤੇ ਅੱਜ ਵੀ ਆਗਰਾ ਅਗਰਵਾਲਾਂ ਦੀ ਰਾਜਧਾਨੀ ਹੈ। ਇੱਥੇ ਅਗਰਵਾਲ ਸਮੁਦਾਏ ਦੇ ਲੋਕ ਵਧੇਰੇ ਰਹਿੰਦੇ ਹਨ, ਇਸ ਲਈ ਇਸ ਸ਼ਹਿਰ ਦਾ ਨਾਂ ਅਗਰਵਾਲ ਹੀ ਹੋਣਾ ਚਾਹੀਦਾ ਹੈ।

ਉੱਧਰ ਬੀਜੇਪੀ ਵਿਧਾਇਕ ਸੰਗੀਤ ਸੋਮ ਨੇ ਵੀ ਯੂਪੀ ਦੇ ਮੁਜ਼ੱਫਰਨਗਰ ਦਾ ਨਾਂ ਬਦਲਣ ਲਈ ਆਵਾਜ਼ ਬੁਲੰਦ ਕਰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜੇ ਤਾਂ ਬਹੁਤ ਸਾਰੇ ਸ਼ਹਿਰਾਂ ਦੇ ਨਾਂ ਬਦਲਣੇ ਬਾਕੀ ਹਨ। ਉਨ੍ਹਾਂ ਕਿਹਾ ਕਿ ਮੁਜ਼ੱਫਰਨਗਰ ਦਾ ਨਾਂ ਬਦਲਣ ਦੀ ਮੰਗ ਤਾਂ ਪਹਿਲਾਂ ਤੋਂ ਹੀ ਕੀਤੀ ਜਾ ਰਹੀ ਹੈ। ਮੁਜ਼ੱਫਰਨਗਰ ਨਾਂ ਇੱਕ ਨਵਾਬ ਮੁਜ਼ੱਫਰ ਅਲੀ ਨੇ ਕੀਤਾ ਸੀ। ਲੋਕ ਸਦੀਆਂ ਤੋਂ ਮੰਗ ਕਰ ਰਹੇ ਹਨ ਕਿ ਇਸ ਦਾ ਨਾਂ ‘ਲਕਸ਼ਮੀਨਗਰ’ ਕੀਤਾ ਜਾਣਾ ਚਾਹੀਦਾ ਹੈ।