ਆਗਰਾ: ਤਾਜਨਗਰੀ ਆਗਰਾ ਵਿੱਚ ਕੱਲ੍ਹ ਵੱਡਾ ਹਾਦਸਾ ਵਾਪਰਿਆ। ਕੱਲ੍ਹ ਦੁਪਹਿਰ 11ਵੀਂ ਰੈਜੀਮੈਂਟ ਦੇ ਏਅਰਫੋਰਸ ਜਵਾਨ ਹਰਦੀਪ ਸਿੰਘ (26) ਵਾਸੀ ਪਟਿਆਲਾ ਦੀ ਪੈਰਾਜੰਪ ਦੌਰਾਨ ਮੌਤ ਹੋ ਗਈ। ਹਰਦੀਪ ਸਿੰਘ ਨੇ ਹੈਲੀਕਾਪਟਰ ਤੋਂ ਕਰੀਬ 8 ਹਜ਼ਾਰ ਫੁੱਟ ਦੀ ਉਚਾਈ ਤੋਂ ਛਾਲ ਲਾਈ ਜੋ ਕਿ ਫਰੀ ਫਾਲ ਜੰਪ ਸੀ, ਪਰ ਇਸ ਦੌਰਾਨ ਉਸਦਾ ਪੈਰਾਛੂਟ ਨਹੀਂ ਖੁੱਲ੍ਹ ਸਕਿਆ, ਜਿਸ ਕਰਕੇ ਉਹ ਸਿੱਧਾ ਜ਼ਮੀਨ ’ਤੇ ਆ ਡਿੱਗਿਆ। ਇਸ ਹਾਦਸੇ ਦੌਰਾਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਹਸਪਤਾਲ ਜਾਂਦੇ ਸਮੇਂ ਰਸਤੇ ਵਿੱਚ ਹੀ ਮੌਤ ਹੋ ਗਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਇਸ ਘਟਨਾ ’ਤੇ ਅਫਸੋਸ ਜਤਾਇਆ ਹੈ। ਉਨ੍ਹਾਂ ਇਸ ਘਟਨਾ ਦੀ ਜਾਂਚ ਦੀ ਵੀ ਮੰਗ ਉਠਾਈ ਹੈ।
ਹੈਲੀਕਾਪਟਰ ਵਿੱਚ ਸਵਾਰ ਹਰਦੀਪ ਨੇ ਜਦੋਂ ਛਾਲ ਮਾਰੀ ਤਾਂ ਉਸਦਾ ਪੈਰਾਛੂਟ ਨਹੀਂ ਖੁੱਲ੍ਹਿਆ,ਪਰ ਇਸਤੇ ਬਾਅਦ ਉਸਦਾ ਐਮਰਜੈਂਸੀ ਪੈਰਾਛੂਟ ਵੀ ਨਹੀਂ ਖੁੱਲ੍ਹਿਆ। ਹਾਦਸੇ ਬਾਅਦ ਉਸਦੇ ਸਿਰ ਵਿੱਚ ਗੰਭੀਰ ਸੱਟ ਵੱਜੀ। ਹਾਲਾਂਕਿ ਉਸਨੇ ਹੈਲਮਿਟ ਪਾਇਆ ਹੋਇਆ ਸੀ, ਪਰ 8 ਹਜ਼ਾਰ ਫੁੱਟ ਦੀ ਉਚਾਈ ਤੋਂ ਡਿੱਗਣ ਕਰਕੇ ਹੈਲਮਿਟ ਵੀ ਉਸਨੂੰ ਬਚਾ ਨਹੀਂ ਸਕਿਆ। ਇਹ ਉਸਦੀ 14ਵੀਂ ਛਾਲ ਸੀ। ਇਸਤੋਂ ਪਹਿਲਾਂ ਉਹ 13 ਵਾਰ ਇਸੇ ਤਰ੍ਹਾਂ ਦਾ ਫਰੀ ਫਾਲ ਜੰਪ ਲਾ ਚੁੱਕਿਆ ਸੀ।
ਪਟਿਆਲਾ ਨਿਵਾਸੀ ਹਰਦੀਪ ਸਿੰਘ ਪੈਰਾ ਜੰਪਰ ਸੀ। ਉਹ ਅਸਾਮ ਵਿੱਚ ਤਾਇਨਾਤ ਸੀ ਤੇ ਪਿਛਲੇ 5 ਸਾਲ 11 ਮਹੀਨਿਆਂ ਤੋਂ ਭਾਰਤੀ ਫੌਜ ਵਿੱਚ ਸੇਵਾ ਨਿਭਾ ਰਿਹਾ ਸੀ। ਪਿਛਲੇ ਦਿਨੀਂ ਨਿਯਮਿਤ ਜੰਪ ਮਾਰਨ ਲਈ ਉਹ ਇੰਡੀਅਨ ਏਅਰਫੋਰਸ ਦੇ ਪੈਰਾਛੂਟ ਟ੍ਰੇਨਿੰਗ ਸਕੂਲ (ਪੀਟੀਐਸ) ਆਇਆ ਸੀ। ਕੱਲ੍ਹ ਦੁਪਹਿਰ ਏਅਰਫੋਰਸ ਤੋਂ ਏਐਨ-32 ਤੋਂ 34 ਜਵਾਨਾਂ ਨੇ ਉਡਾਣ ਭਰੀ। ਹਰਦੀਪ ਨੇ ਜਦੋਂ ਛਲਾਂਗ ਮਾਰੀ ਤਾਂ ਤੁਰੰਤ ਉਸਦਾ ਸੰਤੁਲਨ ਵਿਗੜਨ ਲੱਗਾ। ਮੁੱਖ ਪੈਰਾਛੂਟ ਤੋਂ ਬਾਅਦ ਉਸਨੇ ਰਿਜ਼ਰਵ ਪੈਰਾਛੂਟ ਖੋਲ੍ਹਿਆ ਪਰ ਉਹ ਉਸਦੇ ਹੱਥ ਵਿੱਚ ਫਸ ਗਿਆ। ਉਸਦੇ ਯਤਨਾਂ ਦੇ ਬਾਵਜੂਦ ਪੈਰਾਛੂਟ ਨਹੀਂ ਖੁੱਲ੍ਹਿਆ।
ਆਗਰਾ ਦੇ ਮਲਪੁਰਾ ਡਰੌਪਿੰਗ ਜ਼ੋਨ ਵਿੱਚ 8 ਮਹੀਨਿਆਂ ਅੰਦਰ ਇਹ ਦੂਜਾ ਹਾਦਸਾ ਹੈ। ਇਸ ਤੋਂ ਪਹਿਲਾਂ 23 ਮਾਰਚ ਨੂੰ ਨਾਹਨ ਬੇਸ ਵਿੱਚ ਤਾਇਨਾਤ ਪੈਰਾ 1 ਦੇ ਇੱਕ ਹੋਰ ਪੈਰਾ ਜੰਪਰ, ਸੁਨੀਲ ਕੁਮਾਰ ਵੀ ਰਿਫਰੈਸ਼ਲ ਕੋਰਸ ਦੌਰਾਨ ਮਾਲਪੁਰਾ ਪੈਰਾ ਡੌਪਿੰਗ ਜ਼ੋਨ ਵਿੱਚ ਮਾਰਿਆ ਗਿਆ ਸੀ। ਇਹ ਸੁਨੀਲ ਦੀ 67ਵੀਂ ਛਾਲ ਸੀ, ਜਦੋਂ ਉਸ ਦੇ ਮੁੱਖ ਪੈਰਾਸ਼ੂਟ ਦੇ ਫਸਣ ਤੋਂ ਬਾਅਦ ਰਿਜ਼ਰਵ ਪੈਰਾਛੂਟ ਵੀ ਨਹੀਂ ਖੁੱਲ੍ਹ ਸਕਿਆ ਤ ਇਸੇ ਕਾਰਨ ਛਾਲ ਮਾਰਨ ਦੌਰਾਨ ਉਸਦੀ ਮੌਤ ਹੋ ਗਈ ਸੀ।