ਨਵੀਂ ਦਿੱਲੀ: ਕੇਰਲ ਵਿੱਚ ਆਏ ਜ਼ਬਰਦਸਤ ਹੜ੍ਹਾਂ ਨੇ ਪੂਰੇ ਸੂਬੇ ਨੂੰ ਬਰਬਾਦ ਕਰ ਦਿੱਤਾ ਹੈ। ਤਕਰੀਬਨ 400 ਮੌਤਾਂ ਤੇ 13 ਲੱਖ ਲੋਕ ਬੇਘਰ ਹੋ ਗਏ ਹਨ। ਹੁਣ ਬੀਜੇਪੀ ਦੇ ਕਰਨਾਟਕ ਤੋਂ ਇੱਕ 'ਸੂਝਵਾਨ' ਵਿਧਾਇਕ ਨੇ ਕੇਰਲ ਦੀ ਜਨਤਾ ਦੇ ਜ਼ਖ਼ਮਾਂ 'ਤੇ ਲੂਣ ਭੁੱਕਣ ਦਾ ਕੰਮ ਕੀਤਾ ਹੈ। ਭਾਜਪਾ ਲੀਡਰ ਬਸਨਗੌੜਾ ਪਾਟਿਲ ਯਤਨਾਲ ਨੇ ਕਿਹਾ ਕਿ ਗਊ ਹੱਤਿਆ ਕਾਰਨ ਕੇਰਲ ਵਿੱਚ ਹੜ੍ਹ ਆਏ ਹਨ। ਬਸਨਗੌੜਾ ਨੇ ਕਿਹਾ ਕਿ ਹਿੰਦੂਆਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਬਦਲੇ ਇਹ ਸਜ਼ਾ ਮਿਲੀ ਹੈ। ਕੇਰਲ ਦੀ ਜਨਤਾ ਨੇ ਵੀ ਭਾਜਪਾ ਆਗੂ ਦੀ ਇਸ ਟਿੱਪਣੀ 'ਤੇ ਮੂੰਹ ਤੋੜ ਜਵਾਬ ਦਿੱਤਾ ਹੈ। ਕੁਦਰਤੀ ਕਰੋਪੀ ਨਾਲ ਜੂਝ ਰਹੀ ਕੇਰਲ ਦੀ ਜਨਤਾ ਵਿਧਾਇਕ ਦੇ ਅਜਿਹੇ ਬਿਆਨ ਤੋਂ ਨਾਰਾਜ਼ ਹੈ। ਲੋਕਾਂ ਦਾ ਕਹਿਣਾ ਹੈ ਕਿ ਕੇਰਲ ਵਿੱਚ ਬੀਜੇਪੀ ਦਾ ਨਫ਼ਰਤ ਫੈਲਾਉਣ ਵਾਲਾ ਏਜੰਡਾ ਨਹੀਂ ਚੱਲੇਗਾ। ਲੋਕਾਂ ਨੇ ਇਹ ਵੀ ਕਿਹਾ ਕਿ ਭਾਜਪਾ ਰਾਜਨੀਤੀ ਕਰ ਰਹੀ ਹੈ ਤੇ ਸੱਚ ਇਹ ਹੈ ਕਿ ਕੇਰਲ ਵਿੱਚ ਭਾਜਪਾ ਨੇਤਾ ਤੇ ਸਮਰਥਕ ਵੀ ਲੁਕਾ ਕੇ ਗਊ ਮਾਸ ਖਾਂਦੇ ਹਨ। ਅਜਿਹਾ ਕਹਿਣ ਵਾਲੇ ਇਕੱਲੇ ਵਿਧਾਇਕ ਨਹੀਂ। ਹਿੰਦੂ ਮਹਾਸਭਾ ਦੇ ਮੁਖੀ ਸਵਾਮੀ ਚੱਕਰਪਾਣੀ ਮਹਾਰਾਜ ਨੇ ਇੱਕ ਨਿਊਜ਼ ਚੈਨਲ ਨੂੰ ਦੱਸਿਆ ਕਿ ਕੇਰਲ ਵਿੱਚ ਜੋ ਕੁਦਰਤੀ ਆਫ਼ਤ ਆਈ ਹੈ ਉਹ ਗਊ ਹੱਤਿਆ ਦੀ ਵਜ੍ਹਾ ਨਾਲ ਆਈ ਹੈ। ਉਸ ਨੇ ਕਿਹਾ ਕਿ ਗਊ ਮਾਸ ਖਾਣ ਨਾਲ ਤੇ ਦੇਵੀ ਦੇਵਤਾਵਾਂ ਨੂੰ ਨਾਖੁਸ਼ ਕਰਨ ਅਤੇ ਹਿੰਦੂਆਂ ਦੀ ਭਾਵਨਾਵਾਂ ਨਾਲ ਖਿਲਵਾੜ ਕਰਨ ਨਾਲ ਕੇਰਲ ਵਿੱਚ ਹੜ੍ਹ ਆਏ ਹਨ।