ਕਾਂਗਰਸ ਨੂੰ ਚੋਣਾਂ ਸਮੇਂ ਤੋਂ ਪਹਿਲਾਂ ਹੋਣ ਦਾ ਖ਼ਦਸ਼ਾ
ਏਬੀਪੀ ਸਾਂਝਾ | 15 Oct 2016 07:00 PM (IST)

ਨਵੀਂ ਦਿੱਲੀ: ਕਾਂਗਰਸ ਦੇ ਕੌਮੀ ਜਨਰਲ ਸਕੱਤਰ ਗੁਰਦਾਸ ਕਾਮਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਕਬੂਜ਼ਾ ਕਸ਼ਮੀਰ 'ਚ ਕੀਤੇ ਸਰਜੀਕਲ ਹਮਲੇ ਦਾ ਕਰੈਡਿਟ ਲੈਂਦੇ ਹੋਏ ਕੁੱਝ ਰਾਜਾਂ 'ਚ ਸਮੇਂ ਤੋਂ ਪਹਿਲਾਂ ਚੋਣਾਂ ਕਰਾਉਣ ਦਾ ਐਲਾਨ ਕਰ ਸਕਦੇ ਹਨ। ਬੀਕਾਨੇਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਮਤ ਨੇ ਆਖਿਆ ਕਿ ਬੀਜੇਪੀ ਗੁਜਰਾਤ ਸਮੇਤ ਕੁੱਝ ਰਾਜਾਂ ਵਿੱਚ ਚੋਣਾਂ ਸਮੇਂ ਤੋਂ ਪਹਿਲਾਂ ਤੋਂ ਕਰਵਾ ਸਕਦੀ ਹੈ। ਇਸ ਲਈ ਪਾਰਟੀ ਵਰਕਰਾਂ ਅਤੇ ਆਗੂਆਂ ਨੂੰ ਤਿਆਰ ਰਹਿਣਾ ਹੋਵੇਗਾ। ਯਾਦ ਰਹੇ ਕਿ ਪੰਜਾਬ , ਉੱਤਰ ਪ੍ਰਦੇਸ਼, ਗੋਆ ਵਿੱਚ ਚੋਣਾਂ ਅਗਲੇ ਸਾਲ ਹੋਣੀਆਂ ਹਨ। ਇਸ ਤੋਂ ਬਾਅਦ ਗੁਜਰਾਤ ਵਿੱਚ ਚੋਣਾਂ ਦਾ ਮਾਹੌਲ ਵੇਖਣ ਨੂੰ ਮਿਲੇਗਾ। ਕਾਂਗਰਸੀ ਆਗੂ ਨੇ ਆਖਿਆ ਕਿ ਪਠਾਨਕੋਟ ਅਤੇ ਊਰੀ ਵਿੱਚ ਹੋਏ ਦਹਿਸ਼ਤਗਰਦ ਹਮਲੇ ਤੋਂ ਬਾਅਦ ਪਾਕਿਸਤਾਨ ਨੂੰ ਸਬਕ ਸਿਖਾਉਣ ਦੇ ਲਈ ਕਾਰਵਾਈ ਜ਼ਰੂਰੀ ਸੀ। ਪਰ ਇਸ ਦਾ ਰਾਜਨੀਤਿਕ ਫ਼ਾਇਦਾ ਚੁੱਕਣਾ ਗ਼ਲਤ ਹੈ। ਉਨ੍ਹਾਂ ਆਖਿਆ ਕਿ ਸਰਹੱਦ ਉੱਤੇ ਸਾਡੇ ਸੈਨਿਕ ਸ਼ਹੀਦ ਹੋਏ ਪਰ ਯੂ ਪੀ ਵਿੱਚ ਸੈਨਿਕ ਸਫਲਤਾ ਦੇ ਬੀਜੇਪੀ ਪੋਸਟਰ ਲੱਗਾ ਰਹੀ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਦੇ ਸਮੇਂ ਵੀ ਸੈਨਿਕ ਕਾਰਵਾਈ ਹੋਈ ਸੀ ਪਰ ਉਨ੍ਹਾਂ ਦੇਸ ਹਿਤ ਵਿੱਚ ਇਸ ਨੂੰ ਕਦੇ ਵੀ ਜਨਤਕ ਨਹੀਂ ਕੀਤਾ।