ਮੁੰਬਈ: ਭਾਰਤੀ ਜਨਤਾ ਪਾਰਟੀ ਹੇਮਾ ਮਾਲਿਨੀ ਤੋਂ ਬਾਅਦ ਮਾਧੁਰੀ ਦੀਕਸ਼ਿਤ ਨੂੰ ਲੋਕ ਸਭਾ ਦੀ ਟਿਕਟ ਦੇਣ ਬਾਰੇ ਵਿਚਾਰ ਕਰ ਰਹੀ ਹੈ। ਬੀਜੇਪੀ ਸੂਤਰਾਂ ਮੁਤਾਬਕ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਮੁੰਬਈ ਸਥਿਤ ਮਾਧੁਰੀ ਦੀ ਰਿਹਾਇਸ਼ 'ਤੇ ਮੁਲਾਕਾਤ ਵੀ ਕਰ ਲਈ ਹੈ।
ਅਮਿਤ ਸ਼ਾਹ ਨੇ ਮੁਲਾਕਾਤ ਦੌਰਾਨ ਮਾਧੁਰੀ ਨੂੰ ਮੋਦੀ ਸਰਕਾਰ ਦੀਆਂ ਉਪਲਬਧੀਆਂ ਗਿਣਵਾਈਆਂ ਅਤੇ ਸਿਆਸਤ ਵਿੱਚ ਆਉਣ ਲਈ ਪ੍ਰੇਰਿਤ ਕੀਤਾ। ਸੀਨੀਅਰ ਭਾਜਪਾ ਨੇਤਾ ਨੇ ਖੁਲਾਸਾ ਕੀਤਾ ਹੈ ਕਿ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਮਾਧੁਰੀ ਪੁਣੇ ਤੋਂ ਖੜ੍ਹੀ ਹੋ ਸਕਦੀ ਹੈ।
51 ਸਾਲਾ ਬਾਲੀਵੁੱਡ ਅਦਾਕਾਰਾ ਆਪਣੇ ਸਮੇਂ ਵਿੱਚ ਕਈ ਸੁਪਰਹਿੱਟ ਫ਼ਿਲਮਾਂ ਦੇ ਚੁੱਕੀ ਹੈ ਅਤੇ ਉਸ ਦੇ ਹੁਸਨ ਤੇ ਕਲਾ ਦੇ ਲੋਕ ਅੱਜ ਵੀ ਕਾਇਲ ਹਨ। ਸਾਲ 2014 ਵਿੱਚ ਬੀਜੇਪੀ ਨੇ ਪੁਣੇ ਲੋਕ ਸਭਾ ਸੀਟ ਕਾਂਗਰਸ ਤੋਂ ਖੋਹ ਲਈ ਸੀ ਅਤੇ ਇਸ ਵਾਰ ਵੀ ਪਾਰਟੀ ਉੱਥੇ ਜੇਤੂ ਲੈਅ ਬਰਕਰਾਰ ਰੱਖਣਾ ਚਾਹੇਗੀ, ਜਿਸ ਲਈ ਮਾਧੁਰੀ ਉਸ ਨੂੰ ਮਜ਼ਬੂਤ ਦਾਅਵੇਦਾਰ ਜਾਪ ਰਹੀ ਹੈ।