ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੀਜੇਪੀ ਸਰਕਾਰ 'ਤੇ ਜ਼ੋਰਦਾਰ ਸ਼ਬਦੀ ਹਮਲਾ ਬੋਲਿਆ ਹੈ। ਉਨ੍ਹਾਂ ਭਾਜਪਾ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਦੇਸ਼ ਵਿੱਚ ਸਿਰਫ਼ ਉਹੀ ਜ਼ਿੰਦਾ ਰਹੇਗਾ ਜੋ ਬੀਜੇਪੀ ਦੀ ਗ਼ੁਲਾਮੀ ਕਰੇਗਾ। ਕੇਜਰੀਵਾਲ ਨੇ ਅਜਿਹਾ ਨਵਜੋਤ ਸਿੱਧੂ 'ਤੇ ਇੱਕ ਕਰੋੜ ਦਾ ਇਨਾਮ ਐਲਾਨੇ ਜਾਣ ਤੋਂ ਬਾਅਦ ਕਿਹਾ ਹੈ।




ਦਿੱਲੀ ਦੇ ਮੁੱਖ ਮੰਤਰੀ ਨੇ ਟਵੀਟ ਕਰ ਲਿਖਿਆ ਹੈ ਕਿ ਬੀਜੇਪੀ ਦਾ ਸੰਦੇਸ਼ ਸਾਫ਼ ਹੈ ਕਿ ਜੋ ਉਨ੍ਹਾਂ ਦੀ ਗ਼ੁਲਾਮੀ ਕਬੂਲ ਕਰੇਗਾ, ਸਿਰਫ਼ ਉਸੇ ਨੂੰ ਹੀ ਇਸ ਦੇਸ਼ ਵਿੱਚ ਜ਼ਿੰਦਾ ਰਹਿਣ ਦਿੱਤਾ ਜਾਵੇਗਾ- ਚਾਹੇ ਉਹ ਮੁਸਲਮਾਨ, ਹਿੰਦੂ, ਸਿੱਖ, ਜੈਨ, ਇਸਾਈ ਜਾਂ ਕਿਸੇ ਵੀ ਧਰਮ ਦਾ ਹੋਵੇ। ਉਨ੍ਹਾਂ ਲਿਖਿਆ ਹੈ ਕਿ ਜੋ ਬੀਜੇਪੀ ਖ਼ਿਲਾਫ਼ ਬੋਲੇਗਾ, ਉਸ ਦਾ ਕਤਲ ਕਰ ਦਿੱਤਾ ਜਾਵੇਗਾ।

ਦਰਅਸਲ, ਕੇਜਰੀਵਾਲ ਦਾ ਬਿਆਨ ਹਿੰਦੂ ਯੁਵਾ ਵਾਹਿਨੀ ਦੇ ਉਸ ਬਿਆਨ 'ਤੇ ਤਿੱਖਾ ਹਮਲਾ ਸੀ, ਜਿਸ ਵਿੱਚ ਉਨ੍ਹਾਂ ਨਵਜੋਤ ਸਿੰਘ ਸਿੱਧੂ ਦਾ ਸਿਰ ਕਲਮ ਕਰਨ ਬਦਲੇ ਇੱਕ ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਜ਼ਿਕਰਯੋਗ ਹੈ ਕਿ ਸਿੱਧੂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਬਾਰੇ ਬਿਆਨ ਦਿੱਤਾ ਸੀ, ਜਿਸ ਤੋਂ ਬਾਅਦ ਸੰਸਥਾ ਦੇ ਆਗਰਾ ਯੁਨਿਟ ਦੇ ਪ੍ਰਧਾਨ ਤਰੁਣ ਸਿੰਘ ਨੇ ਸਿੱਧੂ ਦੇ ਉਨ੍ਹਾਂ ਦੇ ਸ਼ਹਿਰ ਆਉਣ 'ਤੇ ਡੱਕਰੇ ਕਰਨ ਦੀ ਧਮਕੀ ਵੀ ਦਿੱਤੀ ਸੀ।