ਚੰਡੀਗੜ੍ਹ: ਹਰਿਆਣਾ ਦੀਆਂ ਖਾਪਾਂ ਨੇ ਐਲਾਨ ਕੀਤਾ ਹੋਇਆ ਹੈ ਕਿ ਅੱਜ ਤੋਂ ਯਾਨੀ 1 ਮਾਰਚ ਤੋਂ ਦੁੱਧ 100 ਰੁਪਏ ਪ੍ਰੀਤ ਲੀਟਰ ਵੇਚਿਆ ਜਾਵੇਗਾ। ਖਾਪ ਲੀਡਰਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਕੋਈ ਕਿਸਾਨ 100 ਰੁਪਏ ਕਿਲੋ ਦੁੱਧ ਨਹੀਂ ਵੇਚਦਾ ਤਾਂ ਉਸ ਖਿਲਾਫ ਕਾਰਵਾਈ ਕਰਦੇ ਹੋਏ 11 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਜਾਏਗਾ।

ਇਸ ਸਬੰਧੀ ਬਿਆਨ ਦਿੰਦੇ ਹੋਏ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ," ਜੇਕਰ ਕੋਈ ਦੁੱਧ ਲੈਣਾ ਹੀ ਨਹੀਂ ਚਾਹੇਗਾ ਤਾਂ ਉਸ ਨੂੰ ਧੱਕਾ ਨਾਲ ਤਾਂ ਨਹੀਂ ਦੇ ਸਕਦੇ। ਕਿਸੇ ਨੂੰ ਵੀ ਜ਼ਬਰਦਸਤੀ ਦੁੱਧ ਨਹੀਂ ਵੇਚਿਆ ਜਾ ਸਕਦਾ।"

ਦੱਸ ਦਈਏ ਕਿ ਹਿਸਾਰ ਜ਼ਿਲ੍ਹੇ ਦੇ ਨਾਰਨੌਲ ਵਿੱਚ ਸਤਰੋਲ ਖਾਪ ਦੀ ਬੈਠਕ ਵਿੱਚ ਫੈਸਲਾ ਲਿਆ ਗਿਆ ਹੈ ਕਿ ਹੁਣ ਪਿੰਡ ਦਾ ਕਿਸਾਨ ਆਪਣੇ ਦੁੱਧ ਦੀ ਕੀਮਤ ਖ਼ੁਦ ਤੈਅ ਕਰੇਗਾ। ਪਹਿਲੀ ਮਾਰਚ ਤੋਂ ਕਿਸਾਨ ਡੇਅਰੀ ਤੇ ਦੁੱਧ ਕੇਂਦਰਾਂ ਨੂੰ 100 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਦੁੱਧ ਵੇਚਿਆ ਜਾਵੇਗਾ।

ਖਾਪ ਪੰਚਾਇਤ ਨੇ ਇਹ ਫੈਸਲਾ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਲਾਗਾਤਾਰ ਵਧਾ ਰਹੀ ਹੈ, ਉਸ ਹਿਸਾਬ ਨਾਲ ਉਹ ਵੀ ਦੁੱਧ ਦਾ ਮੁੱਲ ਵਧਾਉਣਗੇ। ਕਿਸਾਨਾਂ ਨੇ ਸਰਕਾਰ ਦੀ ਕਰ ਪ੍ਰਣਾਲੀ ਦੇ ਤਰਜ਼ 'ਤੇ ਦੁੱਧ ਦੀ ਕੀਮਤ ਵਧਾਉਣ ਦਾ ਫੈਸਲਾ ਕੀਤਾ ਹੈ। ਪੰਚਾਇਤ ਨੇ ਗਰੀਬ ਆਦਮੀ ਜਾਂ ਆਪਸ ਵਿੱਚ ਦੁੱਧ ਦੇਣ ਉੱਪਰ ਅਜਿਹੀ ਕੋਈ ਪਾਬੰਦੀ ਨਹੀਂ ਲਾਈ ਹੈ।