ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਕਾਰਨ ਦੁਨੀਆ ਭਰ ’ਚ ਹੁਣ ਅਨਾਜ ਦਾ ਸੰਕਟ ਪੈਦਾ ਹੋਣ ਦਾ ਖ਼ਦਸ਼ਾ ਪੈਦਾ ਹੁੰਦਾ ਜਾ ਰਿਹਾ ਹੈ। ਦੁਨੀਆ ਦੇ ਕਈ ਹਿੱਸਿਆਂ ਵਿੱਚ ਅਨਾਜ ਤੇ ਹੋਰ ਖ਼ੁਰਾਕੀ ਪਦਾਰਥਾਂ ਦੀ ਪੈਦਾਵਾਰ ਘਟੀ ਹੈ। ਇਸ ਨਾਲ ਅਨਾਜ ਦੀ ਕਮੀ ਪੈਦਾ ਹੋਣ ਲੱਗ ਪਈ ਹੈ। ਇੰਝ ਅਨਾਜ ਮਹਿੰਗਾ ਵੀ ਹੋ ਰਿਹਾ ਹੈ।
ਭਾਰਤ ਨੂੰ ਅਜਿਹੇ ਹਾਲਾਤ ਦਾ ਲਾਭ ਮਿਲ ਰਿਹਾ ਹੈ। ਕੌਮਾਂਤਰੀ ਬਾਜ਼ਾਰ ਵਿੱਚ ਕਣਕ, ਚੌਲਾਂ, ਖੰਡ ਤੇ ਮੱਕੀ ਦੀ ਮੰਗ ਵਧੀ ਹੈ। ਇਸੇ ਲਈ ਭਾਰਤ ’ਚੋਂ ਇਨ੍ਹਾਂ ਦੀ ਬਰਾਮਦ ਵਿੱਚ ਵਾਧਾ ਵੇਖਣ ਨੂੰ ਮਿਲਿਆ ਹੈ।
ਕੌਮਾਂਤਰੀ ਬਾਜ਼ਾਰ ’ਚ ਕਣਕ ਦੀ ਕੀਮਤ ਵਧੀ ਹੈ। ਭਾਰਤ ’ਚ ਇਸ ਦਾ ਉਤਪਾਦਨ ਵਧਿਆ ਹੈ। ਚੌਲਾਂ ਦੀ ਵੀ ਕਮੀ ਵੇਖਣ ਨੂੰ ਮਿਲ ਰਹੀ ਹੈ। ਜਾਣਕਾਰਾਂ ਅਨੁਸਾਰ ਛੇ ਸਾਲਾਂ ਬਾਅਦ ਭਾਰਤ ਸਾਹਮਣੇ ਚੌਲਾਂ ਦੇ ਆਪਣੇ ਵਾਧੂ ਸਟਾਕ ਨੂੰ ਹੀਲੇ ਲਾਉਣ ਦਾ ਵਧੀਆ ਮੌਕਾ ਮਿਲਿਆ ਹੈ। ਇੰਝ ਭਾਰਤ ਤੋਂ ਅਗਲੇ ਕੁਝ ਸਮੇਂ ਦੌਰਾਨ ਚੌਲਾਂ ਦੀ ਬਰਾਮਦ ਵਿੱਚ ਵਾਧਾ ਵੇਖਣ ਨੂੰ ਮਿਲ ਸਕਦਾ ਹੈ।
ਖ਼ਬਰ ਏਜੰਸੀ IANS ਅਨੁਸਾਰ ਕੌਮਾਂਤਰੀ ਬਾਜ਼ਾਰ ਵਿੱਚ ਜੂਨ 2020 ਤੋਂ ਬਾਅਦ ਕਣਕ 48 ਫ਼ੀਸਦੀ ਤੱਕ ਮਹਿੰਗੀ ਹੋ ਗਈ ਹੈ। ਮੱਕੀ ਦੀ ਕੀਮਤ ਵਿੱਚ ਅਪ੍ਰੈਲ 2020 ਤੋਂ ਬਾਅਦ 91 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਮੋਟੇ ਚੌਲਾਂ ਦੀ ਕੀਮਤ 110 ਫ਼ੀਸਦੀ ਵਧ ਗਈ ਹੈ।
ਕਮੌਡਿਟੀ ਮਾਰਕਿਟ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਕੋਰੋਨਾ ਕਾਲ ਵਿੱਚ ਕਣਕ, ਚੌਲਾਂ, ਮੱਕੀ ਤੇ ਖੰਡ ਜਿਹੀਆਂ ਵਸਤਾਂ ਦੀ ਮੰਗ ਵਿਸ਼ਵ ਬਾਜ਼ਾਰ ਵਿੱਚ ਕਾਫ਼ੀ ਜ਼ਿਆਦਾ ਵਧ ਗਈ ਹੈ ਪਰ ਕੁਝ ਦੇਸ਼ਾਂ ਵੱਲੋਂ ਵਾਜਬ ਸਪਲਾਈ ਨਹੀਂ ਹੋ ਪਾ ਰਹੀ।