ਨਵੀਂ ਦਿੱਲੀ: ਬੀਜੇਪੀ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੂੰ ਆਪਣਾ ਹੀ ਦਾਅ ਉਲਟਾ ਪੈ ਗਿਆ। ਦਰਅਸਲ ਸਿਰਸਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਇੱਕ ਸਰਵੇਖਣ ਕਰਵਾਇਆ ਸੀ। ਇਸ ਸਰਵੇਖਣ ਵਿੱਚ ਕੇਜਰੀਵਾਲ ਬਾਰੇ ਸਵਾਲ ਪੁੱਛਿਆ ਗਿਆ ਸੀ ਕਿ ਲੋਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਾਰੇ ਕੀ ਸੋਚਦੇ ਹਨ? ਸਰਵੇਖਣ ਵਿੱਚ ਜ਼ਿਆਦਾਤਰ ਲੋਕਾਂ ਨੇ ਕੇਜਰੀਵਾਲ ਦੇ ਪੱਖ ਵਿੱਚ ਵੋਟ ਪਾਈ।




ਇਸ ਸਰਵੇਖਣ ਸਿਰਸਾ 'ਤੇ ਤਨਜ਼ ਕੱਸਦਿਆਂ 'ਆਪ' ਦੇ ਬੁਲਾਰੇ ਸੌਰਭ ਭਾਰਦਵਾਜ ਨੇ ਕਿਹਾ ਬੁੱਧਵਾਰ ਨੂੰ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਬੀਜੇਪੀ ਵਿਧਾਇਕ ਸਿਰਸਾ ਨੇ ਸਰਵੇਖਣ ਕਰਵਾਇਆ। ਇਸ ਤੋਂ ਪਤਾ ਲੱਗਦਾ ਹੈ ਕਿ ਬੀਜੇਪੀ ਦੇ ਸਮਰਥਕ ਵੀ ਅਗਲੇ ਸਾਲ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ 'ਆਪ' ਨੂੰ ਵੋਟਾਂ ਦੇਣਾ ਚਾਹੁੰਦੇ ਹਨ।

ਸਿਰਸਾ ਨੇ 'ਟਵਿੱਟਰ ਪੋਲ' ਵਿੱਚ ਕੇਜਰੀਵਾਲ ਦੇ ਪੱਖ ਵਿੱਚ ਜਾਂ ਉਨ੍ਹਾਂ ਖ਼ਿਲਾਫ਼ ਹੋਣ ਦਾ ਵਿਕਲਪ ਦਿੱਤਾ ਸੀ। ਸਰਵੇਖਣ ਵਿੱਚ ਸ਼ਾਮਲ ਹੋਏ 70 ਫੀਸਦੀ ਭਾਗੀਦਾਰਾਂ ਨੇ ਦਿੱਲੀ ਦੇ ਮੁੱਖ ਮੰਤਰੀ ਦੇ ਪੱਖ ਵਿੱਚ ਵੋਟ ਪਾਈ ਜਦਕਿ 30 ਫੀਸਦੀ ਨੇ ਉਨ੍ਹਾਂ ਖ਼ਿਲਾਫ਼ ਵੋਟ ਪਾਈ।

ਹਾਲਾਂਕਿ ਸਿਰਸਾ ਨੇ ਦਾਅਵਾ ਕੀਤਾ ਹੈ ਕਿ ਇਸ ਸਰਵੇਖਣ ਵਿੱਚ ਵੀ 'ਆਪ' ਦੀ ਕੋਈ ਧਾਂਧਲੀ ਸ਼ਾਮਲ ਹੈ। ਉਨ੍ਹਾਂ ਟਵੀਟ ਕਰਕੇ ਕੇਜਰੀਵਾਲ ਦੇ ਪੱਖ ਵਿੱਚ ਵੋਟ ਕਰਨ ਲਈ 'ਆਪ' ਦੇ ਆਈਟੀ ਸੈਲ ਨੂੰ ਵਧਾਈ ਦਿੱਤੀ। ਉਨ੍ਹਾਂ ਲਿਖਿਆ ਕੇ ਜੇ ਇਹੀ ਜ਼ਮੀਨੀ ਹਕੀਕਤ ਹੁੰਦੀ ਤਾਂ 'ਆਪ' ਨੂੰ ਲੋਕ ਸਭਾ ਚੋਣਾਂ ਵਿੱਚ ਵੀ ਜਿੱਤ ਮਿਲੀ ਹੁੰਦੀ।