ਭਾਜਪਾ ਵਿਧਾਇਕ ਦੀ ਸ਼ਰਮਨਾਕ ਟਿੱਪਣੀ, ਕਿਹਾ ਹੁਣ ਕੁਆਰੇ ਜਾਓ 'ਗੋਰੀਆਂ-ਗੋਰੀਆਂ' ਕਸ਼ਮੀਰੀ ਮੁਟਿਆਰਾਂ ਵਿਆਹ ਲਿਆਓ
ਏਬੀਪੀ ਸਾਂਝਾ | 07 Aug 2019 02:22 PM (IST)
ਵਿਧਾਇਕ ਵਿਕਰਮ ਸੈਣੀ ਨੇ ਭਾਜਪਾ ਦੇ ਵਰਕਰਾਂ ਨੂੰ ਕਿਹਾ ਹੈ ਕਿ ਹੁਣ ਧਾਰਾ 370 ਖ਼ਤਮ ਹੋ ਗਈ ਹੈ ਤੇ ਉਹ ਗੋਰੀਆਂ-ਗੋਰੀਆਂ ਕਸ਼ਮੀਰੀ ਕੁੜੀਆਂ ਨਾਲ ਵਿਆਹ ਕਰਵਾਉਣਾ ਵੀ ਸੌਖਾ ਹੋ ਗਿਆ ਹੈ। ਉਸ ਨੇ ਚਾਈਂ-ਚਾਈਂ ਇਹ ਵੀ ਕਹਿ ਦਿੱਤਾ ਕਿ ਭਾਜਪਾ ਦੇ ਕੁਆਰੇ ਕਸ਼ਮੀਰ ਜਾਣ ਪਲਾਟ ਖਰੀਦਣ ਤੇ ਵਿਆਹ ਕਰਵਾਉਣ।
ਮੁਜ਼ੱਫਰਨਗਰ: ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਐਨਡੀਏ ਗਠਜੋੜ ਵੱਲੋਂ ਸੰਸਦ ਵਿੱਚ ਜੰਮੂ ਤੇ ਕਸ਼ਮੀਰ ਦੇ ਪੁਨਰਗਠਨ ਦਾ ਬਿੱਲ ਪਾਸ ਕਰਵਾਉਣ ਮਗਰੋਂ ਪਾਰਟੀ ਦੇ ਲੀਡਰ ਫੁੱਲੇ ਨਹੀਂ ਸਮਾ ਰਹੇ। ਸੱਤਾਧਾਰੀ ਖੇਮੇ ਦਾ ਅਜਿਹੇ ਹੀ ਲੀਡਰ ਨੇ ਨੌਜਵਾਨਾਂ ਨੂੰ ਕਸ਼ਮੀਰੀ ਮੁਟਿਆਰਾਂ 'ਤੇ ਅੱਖ ਰੱਖਣ ਦੀ ਸਲਾਹ ਦੇ ਦਿੱਤੀ ਹੈ। ਅਜਿਹੀ ਹੀ ਕਿਸਮ ਦਾ ਪ੍ਰਚਾਰ ਸੋਸ਼ਲ ਮੀਡੀਆ 'ਤੇ ਵੀ ਜਾਰੀ ਹੈ, ਪਰ ਕਿਸੇ ਸੰਵਿਧਾਨਕ ਅਹੁਦੇ 'ਤੇ ਬੈਠੇ ਵਿਅਕਤੀ ਨੇ ਆਪਣੀ ਉੱਚ ਬੁੱਧੀਮਤਾ ਦਾ ਪ੍ਰਗਟਾਵਾ ਦਿੰਦਿਆਂ ਕਸ਼ਮੀਰੀ ਮੁਟਿਆਰਾਂ ਨੂੰ ਵਸਤੂ ਵਜੋਂ ਪੇਸ਼ ਕਰ ਦਿੱਤਾ ਹੈ। ਉੱਤਰ ਪ੍ਰਦੇਸ਼ ਦੇ ਮੁਜ਼ੱਫਰਪੁਰ ਤੋਂ ਵਿਧਾਇਕ ਵਿਕਰਮ ਸੈਣੀ ਨੇ ਭਾਜਪਾ ਦੇ ਵਰਕਰਾਂ ਨੂੰ ਕਿਹਾ ਹੈ ਕਿ ਹੁਣ ਧਾਰਾ 370 ਖ਼ਤਮ ਹੋ ਗਈ ਹੈ ਤੇ ਉਹ ਗੋਰੀਆਂ-ਗੋਰੀਆਂ ਕਸ਼ਮੀਰੀ ਕੁੜੀਆਂ ਨਾਲ ਵਿਆਹ ਕਰਵਾਉਣਾ ਵੀ ਸੌਖਾ ਹੋ ਗਿਆ ਹੈ। ਉਸ ਨੇ ਚਾਈਂ-ਚਾਈਂ ਇਹ ਵੀ ਕਹਿ ਦਿੱਤਾ ਕਿ ਭਾਜਪਾ ਦੇ ਕੁਆਰੇ ਕਸ਼ਮੀਰ ਜਾਣ ਪਲਾਟ ਖਰੀਦਣ ਤੇ ਵਿਆਹ ਕਰਵਾਉਣ। ਵਿਧਾਇਕ ਨੇ ਇਹ ਵੀ ਕਿਹਾ ਕਿ ਮੋਦੀ ਜੀ ਨੇ ਸਾਡਾ ਸੁਫਨਾ ਪੂਰਾ ਕਰ ਦਿੱਤਾ ਤੇ ਸਾਰਾ ਦੇਸ਼ ਇਸ ਦਾ ਜਸ਼ਨ ਮਨਾ ਰਿਹਾ ਹੈ। ਉਸ ਨੇ ਕਿਹਾ ਕਿ ਪਹਿਲਾਂ ਜੇ ਕੋਈ ਕਸ਼ਮੀਰੀ ਔਰਤ ਉੱਤਰ ਪ੍ਰਦੇਸ਼ ਵਿੱਚ ਵਿਆਹ ਕਰਵਾਉਂਦੀ ਸੀ ਤਾਂ ਉਸ ਦੀ ਨਾਗਰਿਕਤਾ ਖ਼ਤਮ ਹੋ ਜਾਂਦੀ ਸੀ ਪਰ ਹੁਣ ਅਜਿਹਾ ਨਹੀਂ ਹੈ। ਸੈਣੀ ਨੇ ਕਿਹਾ ਕਿ ਪਹਿਲਾਂ ਉੱਥੇ ਔਰਤਾਂ 'ਤੇ ਕਾਫੀ ਅੱਤਿਆਚਾਰ ਹੁੰਦੇ ਸੀ ਪਰ ਹੁਣ ਕੋਈ ਚੱਕਰ ਹੀ ਨਹੀਂ ਰਹਿ ਗਿਆ। ਕੁਆਰੇ ਜਾਣ ਤੇ ਉੱਥੇ ਵਿਆਹ ਕਰਵਾ ਲੈਣ। ਯੂਪੀ ਦੇ ਇਸ ਕਾਨੂੰਨਘਾੜੇ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਇਸ ਦਾ ਵਿਰੋਧ ਹੋਣਾ ਵੀ ਸ਼ੁਰੂ ਹੋ ਗਿਆ ਹੈ।