ਚੰਡੀਗੜ੍ਹ: ਕਰਨਾਟਕ ਦੇ ਬੀਜੇਪੀ ਵਿਧਾਇਕ ਤੇ ਸਾਬਕਾ ਮੰਤਰੀ ਡੀਐਨ ਜੀਵਰਾਜ ਨੇ ਪੱਤਰਕਾਰ ਗ਼ੌਰੀ ਲੰਕੇਸ਼ ਦੀ ਹੱਤਿਆ 'ਤੇ ਵਿਵਾਦਮਈ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਰਨਾਟਕ ਦੇ ਚਿਕਮੰਗਲੁਰੂ ਵਿੱਚ ਪਾਰਟੀ ਕਾਰਕੁਨਾਂ ਦੀ ਮੀਟਿੰਗ ਵਿੱਚ ਕਿਹਾ ਕਿ ਲੰਕੇਸ਼ ਜੇਕਰ ਆਰਐਸਐਸ ਦੇ ਖ਼ਿਲਾਫ਼ ਨਾ ਲਿਖਦੀ ਤਾਂ ਅੱਜ ਉਹ ਜ਼ਿੰਦਾ ਹੁੰਦੀ। ਇਸ ਦਾ ਅਰਥ ਹੈ ਕਿ ਬੀਜੇਪੀ ਲੀਡਰ ਮੰਨ ਰਹੇ ਹਨ ਕਿ ਗ਼ੌਰੀ ਲੰਕੇਸ਼ ਦੀ ਹੱਤਿਆ ਪਿੱਛੇ ਆਰਐਸਐਸ ਦਾ ਹੱਥ ਹੈ। ਅਖ਼ਬਾਰ 'ਦ ਹਿੰਦੂ' ਮੁਤਾਬਕ ਜੀਵ ਰਾਜ ਨੇ ਮੀਟਿੰਗ ਵਿੱਚ ਕਿਹਾ ਕਿ ਜਦੋਂ ਤੋਂ ਕਾਂਗਰਸ ਸਰਕਾਰ ਰਾਜ ਵਿੱਚ ਆਈ ਹੈ, ਉਦੋਂ ਤੋਂ 11 ਬੀਜੇਪੀ ਆਗੂਆਂ ਤੇ ਹਿੰਦੂ ਸੰਗਠਨਾਂ ਦੇ ਮੁਖੀਆਂ ਦੀ ਹੱਤਿਆ ਹੋ ਚੁੱਕੀ ਹੈ। ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਇਨ੍ਹਾਂ ਹੱਤਿਆਵਾਂ ਲਈ ਗ਼ੌਰੀ ਲੰਕੇਸ਼ ਨੇ ਸਿਧਾਰਮਈਆ ਦੀ ਅਲੋਚਨਾ ਕੀਤੀ ਹੁੰਦੀ ਤਾਂ ਅੱਜ ਉਹ ਜ਼ਿੰਦਾ ਹੁੰਦੀ, ਜੇਕਰ ਉਹ ਆਰਐਸਐਸ ਦੇ ਲੋਕਾਂ ਦੀ ਮੌਤ ਨੂੰ ਵੀ ਹੱਤਿਆ ਮੰਨਦੀ ਤਾਂ ਸ਼ਾਇਦ ਅੱਜ ਉਸ ਦੀ ਹੱਤਿਆ ਨਾ ਹੁੰਦੀ। ਬੀਜੇਪੀ ਨੇਤਾ ਨੇ ਇਸ ਬਿਆਨ ਉੱਤੇ ਜਦੋਂ ਕਰਨਾਟਕਾ ਦੇ ਮੁੱਖ ਮੰਤਰੀ ਸਿਧਾਰਮਈਆ ਤੋਂ ਪੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਕੀ ਉਸ ਦੇ ਬਿਆਨ ਨਾਲ ਗ਼ੌਰੀ ਲੰਕੇਸ਼ ਦੇ ਕਾਤਲਾਂ ਬਾਰੇ ਪਤਾ ਨਹੀਂ ਚੱਲਦਾ।
ਕਰਨਾਟਕ ਦੇ ਬੀਜੇਪੀ ਵਿਧਾਇਕ ਤੇ ਸਾਬਕਾ ਮੰਤਰੀ ਡੀਐਨ ਜੀਵਰਾਜ ਜਦੋਂ 'ਦ ਹਿੰਦੂ' ਅਖ਼ਬਾਰ ਨੇ ਬੀਜੇਪੀ ਆਗੂ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਹ ਤੁਰੰਤ ਆਪਣੇ ਬਿਆਨ ਤੋਂ ਪਲਟ ਗਿਆ। ਉਨ੍ਹਾਂ ਨੇ ਮੀਡੀਆ ਉੱਤੇ ਬਿਆਨ ਨੂੰ ਤੋੜਨ ਮਰੋੜਨ ਦਾ ਇਲਜ਼ਾਮ ਲਾ ਦਿੱਤਾ। ਉਨ੍ਹਾਂ ਨੇ ਕਿਹਾ ਮੈਂ ਕਿਹਾ ਸੀ ਕਿ ਜੇਕਰ ਗ਼ੌਰੀ ਲੰਕੇਸ਼ ਹਤਿਆਰਿਆਂ ਦੀ ਆਲੋਚਨਾ ਕਰਦੀ ਤੇ ਸਿਧਾਰਮਈਆ ਇਸ ਵਿੱਚ ਸ਼ਾਮਲ ਲੋਕਾਂ ਨੂੰ ਜੇਲ੍ਹ ਭੇਜ ਦਿੰਦੇ, ਫਿਰ ਕਿਸੇ ਦੀ ਹਿੰਮਤ ਨਾ ਹੁੰਦੀ ਕਿ ਉਹ ਗ਼ੌਰੀ ਲੰਕੇਸ਼ ਦੀ ਹੱਤਿਆ ਕਰਦੇ। ਮੈਂ ਬੱਸ ਪਿਛਲੀਆਂ ਹੱਤਿਆਵਾਂ ਉੱਤੇ ਸਰਕਾਰ ਦੀ ਨਾਕਾਮੀਆਂ ਨੂੰ ਉਜਾਗਰ ਕਰਨਾ ਚਾਹੁੰਦਾ ਸੀ। ਮੈਂ ਪਹਿਲਾ ਹੀ ਗ਼ੌਰੀ ਲੰਕੇਸ਼ ਦੀ ਹੱਤਿਆ ਉੱਤੇ ਸੰਵੇਦਨਾ ਵਿਅਕਤ ਕਰ ਚੁੱਕਾ ਹਾਂ। ਤੁਹਾਨੂੰ ਦੱਸ ਦੇਈਏ ਕਿ 5 ਸਤੰਬਰ ਨੂੰ ਮਸ਼ਹੂਰ ਕੰਨੜ ਪੱਤਰਕਾਰ ਤੇ ਸਮਾਜਿਕ ਕਾਰਕੁਨ ਗ਼ੌਰੀ ਲੰਕੇਸ਼ ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।