ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਕੇਂਦਰ ਸਰਕਾਰ ਦੇ ਨੋਟਬੰਦੀ ਦੇ ਕਦਮ ਦੀ ਕੋਈ ਜਾਣਕਾਰੀ ਨਹੀਂ ਸੀ। ਇਹੋ ਕਾਰਨ ਹੈ ਕਿ ਉਨ੍ਹਾਂ ਨੂੰ ਖ਼ੁਦ ਨੋਟ ਬਦਲਵਾਉਣ ਲਈ ਅਮਰੀਕਾ ਤੋਂ ਭਾਰਤ ਆਉਣਾ ਪਿਆ ਸੀ।
ਆਪਣੀ ਕਿਤਾਬ ਦੇ ਸਿਲਸਿਲੇ ਵਿੱਚ ਇੱਥੇ ਕਰਵਾਏ ਇੱਕ ਸਮਾਗਮ ਵਿੱਚ ਉਨ੍ਹਾਂ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਉਹ ਕਦੇ ਵੀ ਨੋਟਬੰਦੀ ਦੇ ਪੱਖ ਵਿੱਚ ਨਹੀਂ ਰਹੇ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਨੋਟਬੰਦੀ 'ਤੇ ਆਈ ਕੁੱਲ ਲਾਗਤ ਇਸ ਦੇ ਲੰਮੇ ਸਮੇਂ ਵਿੱਚ ਹੋਣ ਵਾਲੇ ਫਾਇਦਿਆਂ ਤੋਂ ਜ਼ਿਆਦਾ ਹੋਵੇਗੀ।
ਕੇਂਦਰੀ ਬੈਂਕ ਦੇ ਗਵਰਨਰ ਦੇ ਅਹੁਦੇ ਤੋਂ ਰਾਜਨ 4 ਸਤੰਬਰ 2016 ਨੂੰ ਸੇਵਾਮੁਕਤ ਹੋਏ ਸਨ। ਸਰਕਾਰ ਨੇ 8 ਨਵੰਬਰ, 2016 ਨੂੰ ਨੋਟਬੰਦੀ ਦਾ ਐਲਾਨ ਕਰਦਿਆਂ 500 ਤੇ 1000 ਰੁਪਏ ਦੇ ਪੁਰਾਣੇ ਨੋਟਾਂ ਦੀ ਵਰਤੋਂ ਕਰਨ 'ਤੇ ਰੋਕ ਲਾ ਦਿੱਤੀ ਸੀ।
ਇੱਕ ਹੋਰ ਸਵਾਲ ਦੇ ਜਵਾਬ ਵਿੱਚ ਰਾਜਨ ਨੇ ਕਿਹਾ ਕਿ ਜੀ.ਡੀ.ਪੀ. ਨੂੰ ਹੁਲਾਰਾ ਦੇਣ ਲਈ ਸਰਕਾਰ ਬੁਨਿਆਦੀ ਢਾਂਚੇ, ਬਿਜਲੀ ਤੇ ਬਰਾਮਦ ਵੱਲ ਆਪਣਾ ਧਿਆਨ ਕੇਂਦਰਤ ਕਰੇ।