ਰਾਂਚੀ: ਬੀਜੇਪੀ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਵਰਕਰ ਤੋਂ ਆਪਣੇ ਪੈਰ ਧਵਾ ਕੇ ਉਹੀ ਪਾਣੀ ਉਸ ਨੂੰ ਪੀਣ ਲਈ ਦਿੱਤਾ। ਇਹ ਮਾਮਲਾ ਝਾਰਖੰਡ ਦੇ ਗੋਡਾ ਦਾ ਹੈ ਜਿੱਥੋਂ ਨਿਸ਼ੀਕਾਂਤ ਸੰਸਦ ਮੈਂਬਰ ਹਨ। ਨਿਸ਼ੀਕਾਂਤ ਦੂਬੇ ਐਤਵਾਰ ਨੂੰ ਪੁਲ ਦਾ ਨੀਂਹ ਪੱਥਰ ਰੱਖਣ ਗਏ। ਇਸ ਦੌਰਾਨ ਵਰਕਰ ਪਵਨ ਸਾਹ ਨੇ ਬੀਜੇਪੀ ਨੇਤਾ ਨਿਸ਼ੀਕਾਂਤ ਦੂਬੇ ਦੇ ਪੈਰ ਧੋ ਕੇ ਉਹੀ ਪਾਣੀ ਪੀ ਲਿਆ। ਨਿਸ਼ੀਕਾਂਤ ਨੇ ਪੈਰ ਧੋਣ ਵਾਲੀ ਫੋਟੋ ਫੇਸਬੁਕ 'ਤੇ ਵੀ ਪਾਈ ਹੋਈ ਹੈ।
ਨਿਸ਼ੀਕਾਂਤ ਦੂਬੇ ਉਹ ਸੰਸਦ ਮੈਂਬਰ ਹਨ ਜਿਨ੍ਹਾਂ ਨੂੰ ਸਾਲ 2018 ਦਾ ਸਰਵੋਤਮ ਸੰਸਦ ਮੈਂਬਰ ਚੁਣਿਆ ਗਿਆ ਹੈ। ਉਨ੍ਹਾਂ ਨੂੰ ਆਪਣੇ ਕੀਤੇ ਤੇ ਰੱਤੀ ਭਰ ਵੀ ਅਫਸੋਸ ਨਹੀਂ। ਚਾਰੇ ਪਾਸਿਆਂ ਤੋਂ ਆਲੋਚਨਾ ਤੋਂ ਬਾਅਦ ਵੀ ਉਹ ਭਗਵਾਨ ਕ੍ਰਿਸ਼ਨ ਨਾਲ ਇਸ ਹਰਕਤ ਦੀ ਤੁਲਨਾ ਕਰਕੇ ਇਸ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਸਬੰਧੀ ਪੋਸਟ 'ਚ ਦੂਬੇ ਨੇ ਲਿਖਿਆ ਕਿ ਅੱਜ ਮੈਂ ਆਪਣੇ ਆਪ ਨੂੰ ਬਹੁਤ ਛੋਟਾ ਵਰਕਰ ਸਮਝ ਰਿਹਾ ਹਾਂ। ਇਸ ਤੋਂ ਬਾਅਦ ਜਦ ਵਿਵਾਦ ਸ਼ੁਰੂ ਹੋਇਆ ਤਾਂ ਫਿਰ ਇਸ ਤਸਵੀਰ ਨਾਲ ਦੂਜੀ ਪੋਸਟ ਪਾਈ ਤੇ ਲਿਖਿਆ ਕਿ ਆਪਣਿਆਂ 'ਚ ਸ੍ਰੇਸ਼ਟਤਾ ਵੰਡੀ ਨਹੀਂ ਜਾਂਦੀ। ਵਰਕਰ ਜੇਕਰ ਖੁਸ਼ੀ ਦਾ ਇਜ਼ਹਾਰ ਪੈਰ ਧੋ ਕੇ ਕਰ ਰਿਹਾ ਹੈ ਤਾਂ ਕੀ ਗਜ਼ਬ ਹੋ ਗਿਆ?